ਗ੍ਰਹਿ ਮੰਤਰੀ ਅਤੇ ਪੰਜਾਬ ਦੇ ਡਿਪਟੀ ਸੀ.ਐੱਮ. ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਚਿੱਠੀ ਲਿਖੀ ਹੈ। ਜਿਸ ਵਿੱਚ ਉਨ੍ਹਾਂ ਨੇ ਬੀਤੇ ਦਿਨੀਂ ਸ਼੍ਰੋ੍ਮਣੀ ਅਕਾਲੀ ਦਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ’ਚ ਮਨਾਏ ਗਏ ਰੋਸ ਦਿਵਸ ਬਾਰੇ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਾਏ ਗਏ ਰੋਸ ਦਿਵਸ ਨਾਲ ਉਨ੍ਹਾਂ ਦੇ ਹਿਰਦੇ ਨੂੰ ਬਹੁਤ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਆਪ ਜੀ ਵੱਲੋਂ ਪੰਥ ਨੂੰ ਇਕੱਠਾ ਹੋ ਕੇ ਸ਼੍ਰੋਮਣੀ ਕਮੇਟੀ ਨੂੰ ਤਕੜਾ ਕਰਨ ਵਾਸਤੇ ਤੱਕ ਤਾਂ ਵਾਜ਼ਿਬ ਹੈ ਪਰ ਜੋ ਆਪ ਜੀ ਵੱਲੋਂ ਇਸ ਅਪੀਲ ਰਾਹੀਂ ਬਾਦਲ ਦਲ ਨੂੰ ਤਕੜਾ ਹੋਣ ਦੀ ਗੱਲ ਆਖੀ ਹੈ, ਉਹ ਆਮ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਵਲੂੰਧਰਦੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਜੀ ਦੀ ਮੌਜੂਦਗੀ ਵਿੱਚ ਹੋਈਆਂ ਤਕਰੀਰਾਂ ਵਿਚ ਜਿਥੇ ਪੰਥ ਨੂੰ ਮਸੰਦਾਂ ਦੇ ਕਾਬਜ਼ ਹੋਣ ਤੋਂ ਸੁਚੇਤ ਕੀਤਾ ਗਿਆ ਹੈ, ਇਹ ਵੀ ਪੁੱਛਣ ਦੀ ਲੋੜ ਹੈ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਰਹਿ ਕੇ ਕਿਸ ਨੇ ‘ਜਾਮ ਏ ਇੰਸਾਂ’ ਵਿੱਚ ਸ਼ਾਮਲ ਡੇਰਾਦਾਰ ਨਾਲ ਸਾਂਝਾਂ ਪੁਗਾਈਆਂ ਅਤੇ ਉਸ ਨੂੰ ਬਠਿੰਡਾ ਕੇਸ ’ਚੋਂ ਖਾਰਿਜ ਕਰਨ ਲਈ ਸਾਲ 2012 ਵਿੱਚ ਖਾਰਿਜ ਰਿਪੋਰਟ ਭਰੀ। ਇਸ ਦੌਰਾਨ ਤੁਹਾਡੇ ਵੱਲੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਉਸ ਦੀਆਂ ਵੋਟਾਂ ਲਈਆਂ ਗਈਆਂ। ਇਸੇ ਤੋਂ ਉਤਸ਼ਾਹਿਤ ਹੋ ਕੇ ਉਸ ਡੇਰੇਦਾਰ ਨੇ ਫਿਲਮਾਂ ਚਲਾਈਆਂ ਅਤੇ ਇਨ੍ਹਾਂ ਦੀ ਪੁਸ਼ਤਪਨਾਹੀ ’ਚ ਸਾਲ 2015 ਦੀਆਂ ਹਿਰਦੇ ਵਲੂੰਧਰਨ ਵਾਲੀਆਂ ਬੇਅਦਬੀ ਦੀਆਂ ਘਟਨਾਵਾਂ ਬਰਗਾੜੀ, ਮਲਕੇ ਤੇ ਗੁਰੂਸਰ ਭਗਤਾ ਆਦਿ ਨੂੰ ਅੰਜਾਮ ਦਿੱਤਾ।
ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਨੇ ਇਨ੍ਹਾਂ ਮਸੰਦਾਂ ਦੀ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਨੂੰ ਬੜੀ ਸੰਜੀਦਗੀ ਨਾਲ ਲੈਂਦੇ ਹੋਏ ਉਸ ਸਮੇਂ SIT ‘ਤੇ ਭਰੋਸਾ ਰੱਖਦੇ ਹੋਏ ਤਫਤੀਸ਼ ਜਾਰੀ ਰਖਵਾਈ ਅਤੇ ਸਾਲ 2018 ਵਿੱਚ ਬਰਗਾੜੀ ਬੇਅਦਬੀਆਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਫੜਿਆ ਅਥੇ ਜੇਲ੍ਹਾਂ ਵਿੱਚ ਡੱਕਿਆ ਅਤੇ ਇਨ੍ਹਾਂ ਦੇ ਸਾਜ਼ਿਸ਼ ਕਰਤਾਵਾਂ ਨੂੰ ਵੀ ਨੱਥ ਪਾਈ, ਜੋ ਉਸ ਸਮੇਂ SIT ਮੁੱਖੀ ਸ. ਰਣਬੀਰ ਸਿੰਘ ਖੱਟੜਾ ਨੇ ਤੁਹਾਡੇ ਸੱਦੇ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਸਮੂਹ ਸਿੱਖ ਜੱਥੇਬੰਦੀਆਂ, ਵਿਦਵਾਨਾਂ ਅਤੇ ਐਸ.ਜੀ.ਪੀ.ਸੀ. ਪ੍ਰਧਾਨ ਅੱਗੇ ਬਿਆਨ ਕੀਤਾ ਹੋਇਆ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਆਪ ਜੀ ਨੂੰ ਬੇਨਤੀ ਹੈ ਕਿ ਉਕਤ ਸਾਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਥਕ ਰਿਵਾਇਥਾਂ ਮੁਤਾਬਿਕ ਇਨ੍ਹਾਂ ਪਿਓ-ਪੁੱਤ ਮਸੰਦਾਂ ਨੂੰ ਹਾਜ਼ਰ ਕਰਕੇ ਕੌਮ ਵਿੱਚੋਂ ਖਾਰਿਜ ਕੀਤਾ ਜਾਵੇ।