ਹਵਾਈ ਜਹਾਜ਼ ਹੁਣ 100 ਫੀਸਦੀ ਯਾਤਰੀਆਂ ਦੇ ਨਾਲ ਘਰੇਲੂ ਉਡਾਨ ਭਰ ਸਕਣਗੇ।ਮੰਗਲਵਾਰ ਨੂੰ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਘਰੇਲੂ ਉਡਾਣਾਂ ਨੂੰ 100 ਫੀਸਦੀ ਯਾਤਰੀ ਸਮਰੱਥਾ ਦੇ ਨਾਲ ਹਵਾਈ ਸੰਚਾਲਨ ਦੀ ਮਨਜ਼ੂਰੀ ਦੇ ਦਿੱਤੀ।ਅਜੇ ਤੱਕ ਕਿਸੇ ਇੱਕ ਜਹਾਜ਼ ‘ਚ ਪੂਰੀ ਸਮਰੱਥਾ ਦੇ 85 ਫੀਸਦੀ ਯਾਤਰੀ ਹੀ ਸਫਰ ਕਰ ਪਾ ਰਹੇ ਹਨ।ਹਾਲਾਂਕਿ ਹੁਣ ਪਾਬੰਦੀ ਹਟਾ ਦਿੱਤੀ ਗਈ ਹੈ।
ਕੋਰੋਨਾ ਮਹਾਮਾਰੀ ਦੇ ਚਲਦਿਆਂ ਸਰਕਾਰ ਨੇ ਫਲਾਈਟ ‘ਚ ਯਾਤਰੀਆਂ ਦੀ ਸਮਰੱਥਾ ਨੂੰ ਲੈ ਕੇ ਪਾਬੰਦੀ ਲਗਾਈ ਹੋਈ ਸੀ।ਪਿਛਲੇ ਮਹੀਨੇ 18 ਤਾਰੀਖ ਨੂੰ ਮੰਤਰਾਲੇ ਨੇ 85 ਫੀਸਦੀ ਸਮਰੱਥਾ ਦੇ ਨਾਲ ਉਡਾਨ ਭਰਨ ਦੀ ਆਗਿਆ ਦਿੱਤੀ ਸੀ, ਜਿਸ ਨੂੰ ਹੁਣ 100 ਫੀਸਦੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।ਆਦੇਸ਼ ‘ਚ ਕਿਹਾ ਗਿਆ ਹੈ ਕਿ ਹਵਾਈ ਜਹਾਜ਼ ਅਤੇ ਏਅਰਪੋਰਟ ‘ਤੇ ਅਜੇ ਵੀ ਪਹਿਲਾਂ ਦੀ ਤਰ੍ਹਾਂ ਹੀ ਕੋਰੋਨਾ ਵਾਇਰਸ ਦੀ ਗਾਈਡਲਾਈਨਜ਼ ਦਾ ਪਾਲਨ ਕੀਤਾ ਜਾਵੇਗਾ।ਸਫਰ ਦੌਰਾਨ ਸਖਤੀ ਨਾਲ ਕੋਰੋਨਾ ਨਿਯਮਾਂ ਦੇ ਪਾਲਨ ਦੀ ਵੀ ਗੱਲ ਕਹੀ ਗਈ ਹੈ।