ਐਲੋਪੈਥੀ ਅਤੇ ਡਾਕਟਰਾਂ ਬਾਰੇ ਵਿਵਾਦਿਤ ਬਿਆਨ ਦੇ ਕੇ ਯੋਗ ਗੁਰੁ ਬਾਬਾ ਰਾਮਦੇਵ ਬੁਰੀ ਤਰ੍ਹਾਂ ਫੱਸ ਗਏ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੁਣ ਹੋਰ ਜ਼ਿਆਦਾ ਵੱਧ ਗਈਆਂ ਨੇ। ਰਾਮਦੇਵ ਦੇ ਐਲੋਪੈਥੀ ਬਾਰੇ ਦਿੱਤੇ ਵਿਵਾਦਿਤ ਬਿਆਨ ‘ਤੇ ਹੁਣ ਆਈਐਮਏ ਉਤਰਾਖੰਡ ਨੇ ਕਾਰਵਾਈ ਕੀਤੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨਉਤਰਾਖੰਡ ਨੇ ਰਾਮਦੇਵ ਨੂੰ 1000 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ। ਨੋਟਿਸ ਵਿਚ, ਰਾਮਦੇਵ ਨੂੰ ਅਗਲੇ 15 ਦਿਨਾਂ ਵਿਚ ਬਿਆਨ ਦੀ ਖੰਡਨ ਵੀਡੀਓ ਤੇ ਮੁਆਫੀ ਮੰਗਣ ਦਾ ਅਲਟੀਮੇਟਮ ਵੀ ਦਿੱਤਾ ਗਿਆ ਹੈ।
ਆਈਐਮਏ ਨੇ ਆਪਣੇ ਨੋਟਿਸ ਵਿਚ ਕਿਹਾ ਹੈ ਕਿ ਜੇ ਰਾਮਦੇਵ 15 ਦਿਨਾਂ ਦੇ ਅੰਦਰ ਖੰਡਨ ਦੀ ਵੀਡੀਓ ਅਤੇ ਲਿਖਤੀ ਮੁਆਫੀ ਨਹੀਂ ਮੰਗਦੇ ਤਾਂ ਉਸ ਤੋਂ 1000 ਕਰੋੜ ਰੁਪਏ ਦੀ ਮੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਈਐਮਏ ਨੇ ਰਾਮਦੇਵ ਨੂੰ 72 ਘੰਟਿਆਂ ਦੇ ਅੰਦਰ ਸਾਰੀਆਂ ਥਾਵਾਂ ਤੋਂ ਕੋਰੋਨਿਲ ਕਿੱਟ ਦੇ ਗੁੰਮਰਾਹਕੁੰਨ ਇਸ਼ਤਿਹਾਰ ਹਟਾਉਣ ਲਈ ਵੀ ਕਿਹਾ ਹੈ। ਆਈਐਮਏ ਉਤਰਾਖੰਡ ਦੁਆਰਾ ਜਾਰੀ ਕੀਤੇ ਗਏ ਨੋਟਿਸ ਵਿੱਚ, ਬਾਬਾ ਰਾਮਦੇਵ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਸੋਸ਼ਲ ਮੀਡੀਆ ਤੋਂ ਆਪਣੇ ਬਿਆਨ ਨੂੰ ਡਲੀਟ ਜਾਂ ਹਟਾਉਂਦੇ ਨਹੀਂ ਤਾਂ ਆਈਐਮਏ ਉਸ ਉੱਤੇ ਇੱਕ ਹਜ਼ਾਰ ਕਰੋੜ ਦਾ ਮਾਣਹਾਨੀ ਦਾ ਦਾਅਵਾ ਕਰੇਗਾ।
ਨੋਟਿਸ ਵਿਚ ਕਿਹਾ ਗਿਆ ਹੈ ਕਿ ਰਾਮਦੇਵ ਦੇ ਬਿਆਨ ਨੇ ਆਈਐਮਏ ਉਤਰਾਖੰਡ ਨਾਲ ਜੁੜੇ ਦੋ ਹਜ਼ਾਰ ਮੈਂਬਰਾਂ ਦਾ ਅਪਮਾਨ ਕੀਤਾ ਹੈ ਅਤੇ ਇੱਕ ਡਾਕਟਰ ਦੇ 50 ਲੱਖ ਦੀ ਮਾਣਹਾਨੀ ਦੇ ਅਨੁਸਾਰ, ਅਸੀਂ ਇਕ ਹਜ਼ਾਰ ਕਰੋੜ ਦਾ ਮਾਣਹਾਨੀ ਦਾ ਕੇਸ ਦਾਇਰ ਕਰਾਂਗੇ। ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਾਬਾ ਰਾਮਦੇਵ ਨੇ ਆਪਣੇ ਬਿਆਨ ਰਾਹੀਂ ਸੋਸ਼ਲ ਮੀਡੀਆ ਵਿਚ ਐਲੋਪੈਥੀ ਨਾਲ ਜੁੜੇ ਡਾਕਟਰਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਆਈਐਮਏ ਨੇ ਬਾਬਾ ਰਾਮਦੇਵ ਨੂੰ ਐਫਆਈਆਰ ਬਾਰੇ ਚੇਤਾਵਨੀ ਵੀ ਦਿੱਤੀ ਹੈ।