ਜਨਰਲ ਬਰਾੜ ਨੇ ਲਿਖਿਆ ਕਿ 4-5 ਸੂਚੀ ਦੀ ਦਰਮਿਆਨੀ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ। 5 ਜੂਨ ਦਾ ਦਿਨ ਚੜ੍ਹਦਿਆਂ ਹੀ ਫੌਜ ਨੂੰ ਇੱਕ ਜਗ੍ਹਾ ਇਕੱਠੀ ਕਰਕੇ ਭਾਸ਼ਣ ਦਿੱਤਾ। ਇਸ ਭਾਸ਼ਣ ਵਿੱਚ ਕੇ ਐੱਸ ਬਰਾੜ ਵੱਲੋਂ ਫੌਜ ਨੂੰ ਉਤਸ਼ਾਹਿਤ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ।
ਬਰਾੜ ਨੇ ਮੁੱਖ ਤੌਰ ‘ਤੇ ਇਸ ਭਾਸ਼ਣ ‘ਚ ਕਿਹਾ ਕਿ ਕੁਝ ਲੋਕਾਂ ਨੇ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਨੂੰ ਜ਼ੁਲਮਾਂ ਦੇ ਅੱਡੇ ਬਣਾ ਲਿਆ। ਉਹ ਅਜਿਹੀਆਂ ਕਾਰਵਾਈਆਂ ਕਰ ਰਹੇ ਨੇ ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਖੜ੍ਹਾ ਹੋ ਗਿਆ। ਉਹ ਧਰਮ ਨੂੰ ਵੀ ਬਦਨਾਮ ਕਰ ਰਹੇ ਨੇ ਤੇ ਦੇਸ਼ ਲਈ ਵੀ ਖਤਰਾ ਬਣ ਗਏ। ਸਾਡਾ ਫਰਜ਼ ਬਣਦਾ ਕਿ ਅਸੀਂ ਓਹਨਾ ਨੂੰ ਇੱਥੋਂ ਬਾਹਰ ਕੱਢੀਏ ਤੇ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਬਹਾਲ ਕਰੀਏ। ਬਰਾੜ ਨੇ ਕਿਹਾ ਕਿ ਸਾਡੀ ਲੜਾਈ ਸਿਖਾਂ ਦੇ ਖਿਲਾਫ ਨਹੀਂ , ਸਿੱਖੀ ਨੂੰ ਢਾਅ ਲਾਉਣ ਵਾਲਿਆਂ ਦੇ ਖਿਲਾਫ ਹੈ। ਇਸ ਭਾਸ਼ਣ ਨਾਲ ਫੌਜ ਨੂੰ ਜਚਾਇਆ ਕਿ ਅਸੀਂ ਇਹ ਪਾਪ ਨਹੀਂ ਕਰਨ ਜਾ ਰਹੇ ਸਗੋਂ ਪੁੰਨ ਦਾ ਕੰਮ ਹੈ।
5 ਜੂਨ ਦੀ ਪਲਾਨਿੰਗ ‘ਚ ਮੁੱਖ ਕੰਮ 10 ਗਾਰਡ ਕਮਾਂਡੋਜ਼, ਪੈਰਾ ਮਿਲਟਰੀ ਕਮਾਂਡੋਜ਼ ਤੇ ਸਪੈਸ਼ਲ ਫਰੰਟੀਅਰ ਫੋਰਸਜ਼ ਦਾ ਸੀ। 10 ਗਾਰਡ ਨੂੰ ਘੰਟਾ ਘਰ ਵਾਲੀ ਡਿਉੜੀ ਤੋਂ ਅਕਾਲ ਤਖ਼ਤ ਤੱਕ ਸਾਰੇ ਕਮਰਿਆਂ ਤੇ ਕਬਜ਼ਾ ਕਰਨ ਦਾ ਕੰਮ ਦਿੱਤਾ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਇਹ ਕੰਮ ਸ਼ਾਮ ਨੂੰ 10 ਵਜੇ ਸ਼ੁਰੂ ਕਰਨਾ ਤੇ 1 ਵਜੇ ਤੱਕ ਇਨ੍ਹਾਂ ਕਮਰਿਆਂ ‘ਤੇ ਪੂਰੀ ਤਰਾਂ ਕਬਜ਼ੇ ਚ ਲੈਣਾ। ਸਪੈਸ਼ਲ ਫਰੰਟੀਅਰ ਫੋਰਸਜ਼ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਲੇ ਦੁਆਲੇ ਦੇ ਕਮਰਿਆਂ ਤੇ ਕਬਜ਼ਾ ਕਰਨ ਦਾ ਕੰਮ ਦਿੱਤਾ ਗਿਆ।
ਜਦੋਂ ਕੇ ਐੱਸ ਬਰਾੜ ਫੌਜ ਨੂੰ ਤਿਆਰ ਕਰ ਰਿਹਾ ਸੀ ਤਾਂ ਅੰਦਰ ਸੰਤ ਭਿੰਡਰਾਂ ਵਾਲੇ ਤੇ ਜਨਰਲ ਸੁਬੇਗ ਸਿੰਘ ਵੀ ਪੂਰੇ ਤਿਆਰ-ਬਰ-ਤਿਆਰ ਸਨ।
26 ਮਦਰਾਸ ਨੂੰ ਸਰਾਵਾਂ ਵਾਲੇ ਪਾਸੇ ਲੰਗਰ ਹਾਲ ਵਾਲੇ ਪਾਸੇ ਤੋਂ ਅੰਦਰ ਆਉਣ ਦਾ ਕੰਮ ਦਿੱਤਾ ਗਿਆ। ਇਨ੍ਹਾਂ ਦੇ ਅੱਗੇ 3 ਬਖ੍ਤਰਬੰਦ ਗੱਡੀਆਂ ਤੇ 3 ਟੈਂਕ ਲਗਾਏ ਗਏ। ਇਨ੍ਹਾਂ ਨੂੰ 1 ਵਜੇ ਤੱਕ ਸਰਾਵਾਂ ਵਾਲੇ ਪਾਸੇ ਤੋਂ ਕਬਜ਼ਾ ਕਰਦੇ ਅੰਦਰ ਪਹੁੰਚਣਾ ਸੀ। ਇੱਕ ਵਜੇ ਤੱਕ ਸਾਰੀਆਂ ਬਟਾਲੀਅਨਾਂ ਨੇ ਕਬਜ਼ੇ ਕਰਨ ਦਾ ਕੰਮ ਮੁਕੰਮਲ ਕਰਨਾ ਸੀ। 4 ਵਜੇ ਤੱਕ ਗ੍ਰਿਫਤਾਰੀਆਂ ਕਰਨੀਆਂ ਸੀ। ਪਰ ਸਭ ਕੁਝ ਪਲਾਨਿੰਗ ਦੇ ਮੁਤਾਬਿਕ ਨਾ ਹੋ ਸਕਿਆ। 5 ਨੂੰ ਖਾੜਕੂ ਸਿੰਘਾਂ ਦੇ ਮੋਰਚੇ ਭੰਨੇ ਜਾ ਰਹੇ ਸੀ। ਜਦੋਂ ਫੌਜ ਵੱਲੋਂ ਇਹ ਮੋਰਚੇ ਭੰਨਣ ਲਈ ਗੋਲੇ ਦਾਗੇ ਜੇ ਰਹੇ ਸੀ ਤਾਂ ਸਾਰੀ ਧਰਤੀ ਕੰਬਦੀ ਸੀ ਤੇ ਸ਼ੀਸ਼ੇ ਟੁੱਟ ਰਹੇ ਸੀ।
ਸ਼ਾਮ ਨੂੰ 4:30 ਵਜੇ ਫੌਜ ਨੇ ਲਾਊਡ ਸਪੀਕਰ ਤੋਂ ਅਨਾਊਂਸਮੈਂਟ ਕੀਤੀ ਕਿ ਜਿਹੜਾ ਵੀ ਆਉਣਾ ਚਾਹੁੰਦਾ ਚਿੱਟਾ ਝੰਡਾ ਦਿਖਾ ਕੇ ਆ ਜਾਓ ਕਿਸੇ ਨੂੰ ਕੁਝ ਨਹੀਂ ਕਹਾਂਗੇ। ਬਰਾੜ ਨੂੰ ਸੀ ਕਿ ਬਾਹਰ ਦੇ ਸਾਰੇ ਮੋਰਚੇ ਖਾਲੀ ਨੇ ਤੇ ਹੁਣ ਅੰਦਰਲੇ ਖਾੜਕੂ ਸਿੰਘ ਤੇ ਸੰਤ ਭਿੰਡਰਾਂਵਾਲੇ ਸ਼ਾਇਦ ਆਤਮ ਸਮਰਪਣ ਕਰ ਦੇਣਗੇ। 7 ਵਜੇ ਤੱਕ ਵਾਰ ਵਾਰ ਇਸੇ ਤਰ੍ਹਾਂ ਅਨਾਉਂਸਮੈਂਟਾਂ ਕੀਤੀਆਂ ਗਈਆਂ। ਕਿਹਾ ਜਾਂਦਾ ਕਿ ਤਕਰੀਬਨ 120 ਦੇ ਕਰੀਬ ਸ਼ਰਧਾਲੂ ਅੰਦਰੋਂ ਬਾਹਰ ਆਏ। ਕੇ ਐੱਸ ਬਰਾੜ ਨੇ ਹੋਰ ਵੀ ਕਾਫੀ ਗੱਲਾਂ ਲਿਖੀਆਂ ਜਿਨ੍ਹਾਂ ਬਾਰੇ ਸਿੱਖ ਜਗਤ ਚ ਬਹੁਤਾਤ ਗਿਣਤੀ ਉਨ੍ਹਾਂ ਗੱਲਾਂ ਨੂੰ ਝੂਠ ਦੱਸਦੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਸੰਤ ਭਿੰਡਰਾਂ ਵਾਲਿਆਂ ਤੇ ਖਾੜਕੂ ਸਿੰਘਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਸ਼ਾਮ 10;30 ਵਜੇ ਪੂਰੀ ਗਹਿ ਗੱਚ ਲੜਾਈ ਸ਼ੁਰੂ ਹੋਈ। 6 ਜੂਨ ਦੀ ਸਵੇਰ ਤੱਕ ਇੱਕ ਮਿੰਟ ਵੀ ਗੋਲੀ ਚਲਣੀ ਬੰਦ ਨਹੀਂ ਹੋਈ। ( ਚੱਲਦਾ )
ਨੋਟ :- ਇਹ ਸਾਰੀ ਜਾਣਕਾਰੀ 1984 ਦੇ ਚਸ਼ਮਦੀਦਾਂ, ਜਨਰਲ ਬਰਾੜ ਦੀ ਕਿਤਾਬ ਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਕੀਤੀ ਗਈ ਹੈ, ਕੁਝ ਵੀ ਆਪਣੇ ਕੋਲੋਂ ਨਹੀਂ ਲਿਖਿਆ ਗਿਆ )
-ਰਾਜਵੀਰ ਸਿੰਘ