ਬੀਤੇ ਦਿਨੀਂ ਕਾਂਗਰਸ ਹਾਈਕਮਾਨ ਵੱਲੋਂ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਪ੍ਰਧਾਨ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਦਲ ਦਾ ਨੇਤਾ ਬਣਾ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪ੍ਰੋ-ਪੰਜਾਬ ਦੇ ਸੰਸਥਾਪਕ ਤੇ ਸੀਨੀਅਰ ਪੱਤਰਕਾਰ ਯਾਦਵਿੰਦਰ ਸਿੰਘ ਵੱਲੋਂ ਕਾਂਗਰਸ ਦੇ ਨਵੇਂ ਬਣੇ ਐੱਲ.ਓ.ਪੀ. ਪ੍ਰਤਾਪ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਜਿੱਥੇ ਉਨ੍ਹਾਂ ਪੰਜਾਬ ਕਾਂਗਰਸ ਪਾਰਟੀ ‘ਚ ਚੱਲ ਰਹੇ ਧੱੜੇਬੰਦੀ ਦੀ ਗੱਲ ਕੀਤੀ ਉਥੇ ਹੀ ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਨਿਸ਼ਾਨੇ ਵੀ ਵਿਨ੍ਹੇ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਮੈਨੂੰ ਜੋ ਵਿਰੋਧੀ ਦਲ ਦਾ ਨੇਤਾ ਬਣਾ ਕੇ ਜ਼ਿੰਮੇਵਾਰੀ ਸੌਂਪੀ ਹੈ ਮੈਂ ਉਸ ਨੂੰ ਧਨਦੇਹੀ ਨਾਲ ਨਿਭਾਉਂਦੇ ਹੋਏ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਵੱਲੋਂ ਚੌਣਾਂ ‘ਚ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਂਦਾ ਰਹਾਂਗਾ ਤੇ ਉਨ੍ਹਾਂ ਦੇ ਝੂਠ ਨੂੰ ਲੋਕਾਂ ਸਾਹਮਣੇ ਲੈ ਕੇ ਆਵਾਂਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਤੇ ਫਰੇਬ ਨਾਲ ਬਣੀ ਹੋਈ ਪਾਰਟੀ ਹੈ ਤੇ ਇਨ੍ਹਾਂ ਕੋਲ ਕੋਈ ਤਜਰਬਾ ਵੀ ਨਹੀਂ ਹੈ। ਅਸੀਂ 6 ਮਹੀਨਿਆਂ ‘ਚ ਹੀ ਇਨ੍ਹਾਂ ਦਾ ਪਰਦਾਫਾਸ ਕਰ ਦਿਆਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੱਜ ਮਸਲੇ ਬਹੁਤ ਵੱਡੇ ਹਨ ਜੋ ਕਿ ਮੈਨੂੰ ਨਹੀਂ ਲੱਗਦਾ ‘ਆਪ’ ਦੀ ਸਰਕਾਰ ਹੱਲ ਕਰ ਸਕਦੀ ਹੈ।
ਆਮ ਆਦਮੀ ਪਾਰਟੀ ‘ਤੇ ਹਮਲਾ ਬੋਲਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਇਹ ਭਾਜਪਾ ਤੇ ਆਰ.ਐਸ.ਐਸ. ਦੀ ‘ਬੀ’ ਟੀਮ ਹੈ ਜੋ ਕਿ ਭਾਜਪਾ ਦੀ ਕਾਂਗਰਸ ਮੁਕਤ ਮੁਹਿੰਮ ਨੂੰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ ਸਰੇਆਮ ਗੋਲੀਆਂ ਚੱਲ ਰਹੀਆਂ ਹਨ ਤੇ ਔਸਤਨ ਦਿਨ ‘ਚ 2 ਕਤਲ ਹੋ ਰਹੇ ਹਨ ਤੇ ਪੰਜਾਬ ਸੀ.ਐੱਮ. ਭਗਵੰਤ ਸਿੰਘ ਮਾਨ ਉਨ੍ਹਾਂ ‘ਚੋਂ ਕਿਸੇ ਵੀ ਪਰਿਵਾਰ ਦੇ ਘਰ ਨਹੀਂ ਗਏ।
ਆਮ ਆਦਮੀ ਪਾਰਟੀ ਵੱਲੋਂ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਵਾਅਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਡੀਆਂ ਧੀਆਂ ਭੈਣਾਂ ਨੂੰ ਹਜ਼ਾਰ-ਹਜ਼ਾਰ ਰੁਪਏ ਮਹੀਨਾ ਦੇਣ ਲਈ 20 ਹਜ਼ਾਰ ਕਰੋੜ ਰੁਪਏ ਕਿਥੋਂ ਲਿਆਉਣਗੇ, ਇਨ੍ਹਾਂ ਕੋਲ ਤਾਂ ਖੁੱਦ ਜਹਿਰ ਖਾਣ ਲਈ ਪੈਸੇ ਨਹੀਂ ਹਨ ਇਹ ਆਪ ਕੇਂਦਰ ਅੱਗੇ ਹੱਥ ਅੱਢ ਰਹੇ ਹਨ ।