ਅਜ਼ਬ-ਗਜ਼ਬ : ਜਿਸ ਕਾਲੇ ਹਿਰਨ ਦਾ ਸ਼ਿਕਾਰ ਸਲਮਾਨ ਖਾਨ ਨੇ ਕੀਤਾ ਸੀ, ਉਸ ਦਾ ਹੁਣ ਜੋਧਪੁਰ ਵਿੱਚ ਮਹਾਨ ਸਮਾਰਕ ਬਣਨ ਜਾ ਰਿਹਾ ਹੈ। ਕਾਂਕਾਣੀ ਪਿੰਡ ਵਿੱਚ ਬਣਨ ਵਾਲੀ ਯਾਦਗਾਰ ਲਈ ਕਾਲੇ ਹਿਰਨ ਦਾ ਬੁੱਤ ਤਿਆਰ ਕੀਤਾ ਗਿਆ ਹੈ। ਇਸ ਦਾ ਮਕਸਦ ਲੋਕਾਂ ਵਿੱਚ ਜੰਗਲੀ ਜੀਵਾਂ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਚਿੰਕਾਰਾ ਦੀ ਇਹ ਮੂਰਤੀ ਲੋਹੇ ਅਤੇ ਸੀਮਿੰਟ ਦੀ ਬਣੀ ਹੋਈ ਹੈ ਅਤੇ ਇਸ ਦਾ ਭਾਰ ਲਗਭਗ 800 ਕਿਲੋ ਹੈ। ਜੋਧਪੁਰ ਦੇ ਸਿਵਾਂਚੀ ਗੇਟ ਦੇ ਰਹਿਣ ਵਾਲੇ ਮੂਰਤੀਕਾਰ ਸ਼ੰਕਰ ਨੇ ਸਿਰਫ 15 ਦਿਨਾਂ ਵਿੱਚ ਇਸ ਨੂੰ ਤਿਆਰ ਕੀਤਾ ਹੈ।
‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਦੌਰਾਨ ਹੋਇਆ ਸੀ ਹਿਰਨ ਦਾ ਸ਼ਿਕਾਰ
ਇਹ ਅਕਤੂਬਰ 1998 ਦੀ ਗੱਲ ਹੈ। ਜੋਧਪੁਰ ‘ਚ ਫਿਲਮ ‘ਹਮ ਸਾਥ-ਸਾਥ ਹੈ’ ਦੀ ਸ਼ੂਟਿੰਗ ਚੱਲ ਰਹੀ ਸੀ। ਦੋਸ਼ ਹੈ ਕਿ ਅਭਿਨੇਤਾ ਸਲਮਾਨ ਖਾਨ, ਸੈਫ ਅਲੀ ਖਾਨ, ਤੱਬੂ, ਸੋਨਾਲੀ ਬੇਂਦਰੇ, ਨੀਲਮ ਅਤੇ ਹੋਰਾਂ ਨੇ ਘੋੜਾ ਫਾਰਮ ਹਾਊਸ, ਭਵਾਦ ਅਤੇ ਕਾਂਕਾਣੀ ਪਿੰਡਾਂ ਵਿੱਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ। ਮੁੱਖ ਦੋਸ਼ੀ ਸਲਮਾਨ ਨੂੰ ਜੋਧਪੁਰ ਅਦਾਲਤ ਦੇ 20 ਸਾਲ ਚੱਕਰ ਕੱਟਣੇ ਪਏ ਤੇ ਅੰਤ ‘ਚ ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ। ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹਨ। ਸਲਮਾਨ ਨੂੰ ਛੱਡ ਕੇ ਬਾਕੀ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।
ਜਿੱਥੇ ਹਿਰਨ ਨੂੰ ਦਫ਼ਨਾਇਆ ਗਿਆ, ਉੱਥੇ ਬਣਾਈ ਜਾ ਰਹੀ ਹੈ ਸਮਾਰਕ
ਜਿੱਥੇ ਕਾਂਕਣੀ ਵਿੱਚ ਸ਼ਿਕਾਰ ਕਰਕੇ ਹਿਰਨ ਨੂੰ ਦਫ਼ਨਾਇਆ ਗਿਆ, ਉੱਥੇ 7 ਵਿੱਘੇ ਖੇਤਰ ਵਿੱਚ ਇੱਕ ਵਿਸ਼ਾਲ ਸਮਾਰਕ ਬਣਾਇਆ ਜਾ ਰਿਹਾ ਹੈ। ਸੰਤ-ਮਹਾਤਮਾ ਵਾਂਗ ਹਿਰਨ ਦੀ ਸਮਾਧੀ ਵੀ ਹੋਵੇਗੀ। ਜੰਗਲੀ ਜੀਵਾਂ ਖਾਸ ਕਰਕੇ ਹਿਰਨਾਂ ਲਈ ਬਚਾਅ ਕੇਂਦਰ ਵੀ ਬਣਾਇਆ ਜਾਵੇਗਾ। ਇੱਥੇ ਬਿਮਾਰ ਹਿਰਨਾਂ ਦਾ ਇਲਾਜ ਅਤੇ ਦੇਖਭਾਲ ਕੀਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਸਥਾਨਕ ਲੋਕ ਨਹੀਂ ਚਾਹੁੰਦੇ ਕਿ ਇਸ ਸਮਾਰਕ ਦਾ ਉਦਘਾਟਨ ਕਿਸੇ ਨੇਤਾ ਜਾਂ ਜਨ ਪ੍ਰਤੀਨਿਧੀ ਵੱਲੋਂ ਕੀਤਾ ਜਾਵੇ।