Punjabi in Australia: ਪਿਛਲੇ ਸਮੇਂ ਦੌਰਾਨ ਪੰਜਾਬੀ ਭਾਸ਼ਾ ਦਾ ਆਸਟ੍ਰੇਲੀਆ ’ਚ ਵੀ ਸਤਿਕਾਰ ਵਧ ਗਿਆ ਹੈ। ਇਸ ਨੂੰ ਉਥੋਂ ਦੀਆਂ ਪਹਿਲੀਆਂ 10 ਭਾਸ਼ਾਵਾਂ ’ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਪੱਤਰਕਾਰ ਤੇ ਆਸਟ੍ਰੇਲੀਆ ਐੱਨਆਰਆਈ ਤਜਿੰਦਰ ਸਿੰਘ ਸਹਿਗਲ ਨੇ ਕੀਤਾ। ਦੱਸ ਦਈਏ ਕਿ ਤਜਿੰਦਰ ਸਹਿਗਲ ਪੰਜਾਬ ’ਚ ਵੱਖ-ਵੱਖ ਅਖ਼ਬਾਰਾਂ ’ਚ ਪੱਤਰਕਾਰੀ ਕਰਦੇ ਰਹੇ ਹਨ ਅਤੇ ਉਹ ‘ਜਾਗਰਣ’ ਨਾਲ ਵੀ ਲੰਮਾ ਸਮਾਂ ਜੁੜੇ ਰਹੇ ਹਨ। ਇਨ੍ਹੀਂ ਦਿਨੀਂ ਉਹ ਭਾਰਤ ਆਏ ਹੋਏ ਹਨ ਅਤੇ ਅੱਜ ਵਿਸ਼ੇਸ਼ ਤੌਰ ’ਤੇ ਇੱਥੇ ਪਧਾਰੇ ਸੀ।
ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ’ਚ ਦੂਜੇ ਦੇਸ਼ਾਂ ਤੋਂ ਜਾ ਕੇ ਵਸੇ ਲੋਕਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜੀ ਰੱਖਣ ਲਈ ਉਥੋਂ ਦੀ ਸਰਕਾਰ ਨੇ ਮਾਂ ਬੋਲੀ ਨੂੰ ਵਾਧੂ ਵਿਸ਼ੇ ਵਜੋਂ ਮਾਨਤਾ ਦਿੱਤੀ ਹੋਈ ਹੈ ਅਤੇ ਸਬੰਧਤ ਵਿਦਿਆਰਥੀ ਆਪਣੀ ਮਾਂ ਬੋਲੀ ਦਾ ਵਿਸ਼ਾ ਰੱਖ ਕੇ ਉਸ ਦੀ ਪੜ੍ਹਾਈ ਕਰ ਸਕਦਾ ਹੈ। ਵਾਧੂ ਵਿਸ਼ੇ ਵਜੋਂ ਮਾਂ ਬੋਲੀ ਦੀ ਪੜ੍ਹਾਈ ਕਰਵਾਉਣ ਲਈ ਸਕੂਲਾਂ ’ਚ ਹਫ਼ਤੇ ਦਾ ਆਖ਼ਰੀ ਦਿਨ ਨਿਰਧਾਰਤ ਕੀਤਾ ਗਿਆ ਹੈ ਅਤੇ ਇੱਕ ਦਿਨ ’ਚ ਹੀ ਪੂਰੇ ਹਫ਼ਤੇ ਦੀ ਪੜ੍ਹਾਈ ਕਰਵਾ ਦਿੱਤੀ ਜਾਂਦੀ ਹੈ। ਇਸ ਨਾਲ ਵਿਦੇਸ਼ਾਂ ਤੋਂ ਆਏ ਲੋਕ ਆਸਟ੍ਰੇਲੀਆ ’ਚ ਰਹਿ ਕੇ ਵੀ ਆਪਣੀ ਮਾਤ-ਭਾਸ਼ਾ ਨਾਲ ਜੁੜੇ ਰਹਿ ਸਕਦੇ ਹਨ।
ਕਾਫ਼ੀ ਸਾਲਾਂ ਪਹਿਲਾਂ ਆਸਟ੍ਰੇਲੀਆ ’ਚ ਸਟੱਡੀ ਵੀਜ਼ੇ ’ਤੇ ਗਏ ਕੌਮਾਂਤਰੀ ਵਿਦਿਆਰਥੀਆਂ ਨਾਲ ਵਾਪਰੇ ਨਸਲੀ ਹਮਲਿਆਂ ਤੋਂ ਬਾਅਦ ਮੌਜੂਦਾ ਸਮੇਂ ਵਿਦਿਆਰਥੀਆਂ ਦੇ ਰੁਝਾਨ ਬਾਰੇ ਪੁੱਛੇ ਜਾਣ ’ਤੇ ਤਜਿੰਦਰ ਸਹਿਗਲ ਨੇ ਦੱਸਿਆ ਕਿ ਕੌਮਾਂਤਰੀ ਵਿਦਿਆਰਥੀ ਹਰ ਸਾਲ ਸਟੱਡੀ ਵੀਜ਼ੇ ’ਤੇ ਆ ਰਹੇ ਹਨ। ਉੱਥੇ ਵਿਦਿਆਰਥੀ ਘੱਟ ਇਸ ਲਈ ਜਾਂਦੇ ਹਨ ਕਿਉਂਕਿ ਕੈਨੇਡਾ ਦੇ ਮੁਕਾਬਲੇ ਉੱਥੇ ਸਿਟੀਜ਼ਨਸ਼ਿਪ ਮਿਲਣ ’ਚ ਵੱਧ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਜਿੱਥੇ 5 ਸਾਲਾਂ ਅੰਦਰ ਵਿਦਿਆਰਥੀ ਪੱਕੇ ਹੋ ਜਾਂਦੇ ਹੈ, ਉਥੇ ਹੀ ਆਸਟ੍ਰੇਲੀਆ ’ਚ ਪੱਕੇ ਹੋਣ ਲਈ 10 ਸਾਲ ਤਕ ਵੀ ਲੱਗ ਜਾਂਦੇ ਹਨ।
ਐੱਨਆਰਆਈਜ਼ ਦੀ ਅਗਲੀ ਪੀੜ੍ਹੀ ਦੇ ਪੰਜਾਬ ਨਾਲੋਂ ਦੂਰ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਦੇਸ਼ ਜਾਂ ਵਿਦੇਸ਼ ਜਾਵੇ, ਉਹ ਬਿਹਤਰ ਭਵਿੱਖ ਦੀ ਤਲਾਸ਼ ’ਚ ਨਿਕਲਦਾ ਹੈ। ਇਸ ਲਈ ਜਿੱਥੇ ਉਸ ਦਾ ਭਵਿੱਖ ਵਧੀਆ ਹੁੰਦਾ ਹੈ, ਉਸ ਥਾਂ ਨੂੰ ਆਪਣਾ ਸਮਝਣ ਲੱਗ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੇ ਪਰਿਵਾਰ ਛੱਡ ਕੇ ਵਿਦੇਸ਼ਾਂ ’ਚ ਜਾਂਦੇ ਹਨ, ਉਨ੍ਹਾਂ ਦਾ ਸਾਰੀ ਉਮਰ ਆਪਣੇ ਪਿਛੋਕੜ ਨਾਲ ਮੋਹ ਰਹਿੰਦਾ ਹੈ ਅਤੇ ਉਹ ਆਪਣੇ ਪਿੰਡ ਜਾਂ ਸ਼ਹਿਰ ’ਚ ਆਉਂਦੇ ਵੀ ਰਹਿੰਦੇ ਹਨ। ਜਦੋਂ ਅਗਲੀਆਂ ਪੀੜ੍ਹੀਆਂ ਆ ਜਾਂਦੀਆ ਹਨ ਤਾਂ ਉਨ੍ਹਾਂ ਦਾ ਹੌਲ਼ੀ-ਹੌਲ਼ੀ ਸੰਪਰਕ ਟੁੱਟਦਾ ਜਾਂਦਾ ਹੈ
ਐੱਨਆਰਆਈਜ਼ ਵੱਲੋਂ ਪੰਜਾਬ ’ਚ ਨਿਵੇਸ਼ ਕਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕੋਈ ਵੀ ਕਾਰੋਬਾਰੀ ਕਾਰੋਬਾਰ ਵਧਾਉਣਾ ਚਾਹੁੰਦਾ ਹੈ ਅਤੇ ਉਹ ਫ਼ਾਇਦਾ ਸੋਚ ਕੇ ਹੀ ਨਿਵੇਸ਼ ਕਰਦਾ ਹੈ। ਆਸਟੇ੍ਰਲੀਆ ਦੇ ਬਹੁਤ ਸਾਰੇ ਐੱਨਆਰਆਈਜ਼ ਅਜਿਹੇ ਹਨ ਜੋ ਢੁੱਕਵਾਂ ਮੌਕਾ ਮਿਲਣ ’ਤੇ ਪੰਜਾਬ ’ਚ ਨਿਵੇਸ਼ ਕਰਨਾ ਚਾਹੁੰਦੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h