Sangrur News: ਪੰਜਾਬ ਦੇ ਸੰਗਰੂਰ ਸ਼ਹਿਰ ਵਿੱਚਪੌਣ ਇਕ ਬੜੀ ਹੀ ਮੰਦਭਾਗੀ ਖਬਰ ਆ ਰਹੀ ਹੈ। ਜਿੱਥੇ ਇੱਕ ਮਾਂ ਅਤੇ ਧੀ ਚੱਲਦੀ ਪੀਆਰਟੀਸੀ ਬੱਸ ਤੋਂ ਥੱਲੇ ਡਿੱਗ ਪਈਆਂ, ਜਿਸ ਵਿੱਚ 27 ਸਾਲਾ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੀ 7 ਸਾਲਾ ਧੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਹ ਘਟਨਾ ਧੂਰੀ ਦੇ ਨੇੜੇ ਕਟਾਰ ਪਿੰਡ ਨੇੜੇ ਵਾਪਰੀ।
ਦੱਸ ਦੇਈਏ ਕਿ ਮ੍ਰਿਤਕਾ ਦੇ ਪਤੀ ਨੇ ਬੱਸ ਡਰਾਈਵਰ ‘ਤੇ ਗੰਭੀਰ ਦੋਸ਼ ਲਗਾਏ ਹਨ। ਉਸਦਾ ਕਹਿਣਾ ਹੈ ਕਿ ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਬੱਸ ਨੂੰ ਕੱਟ ਦਿੱਤਾ, ਜਿਸ ਕਾਰਨ ਉਸਦੀ ਪਤਨੀ ਅਤੇ ਧੀ ਬੱਸ ਦੀ ਖਿੜਕੀ ਵਿੱਚੋਂ ਡਿੱਗ ਪਈਆਂ। ਹਾਲਾਂਕਿ, ਬੱਸ ਡਰਾਈਵਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਡਰਾਈਵਰ ਨੇ ਕਿਹਾ ਕਿ ਧੁੰਦ ਕਾਰਨ ਬੱਸ ਹੌਲੀ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਇਹ ਘਟਨਾ ਉਦੋਂ ਵਾਪਰੀ ਜਦੋਂ ਔਰਤ ਆਪਣੀ ਧੀ ਨੂੰ ਉਲਟੀ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਜਾਣਕਾਰੀ ਮੁਤਾਬਿਕ ਜ਼ਖਮੀ ਲੜਕੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਸਦਰ ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਟੀਮ ਸਿਵਲ ਹਸਪਤਾਲ ਪਹੁੰਚ ਗਈ ਹੈ ਅਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਜਾਰੀ ਹੈ।