Attack on Saif Ali Khan: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅਕਸਰ ਆਪਣੇ ਨਵਾਬੀ ਖਾਨਦਾਨ ਅਤੇ ਆਪਣੀਆਂ ਫ਼ਿਲਮਾਂ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ ਪਰ ਹੁਣ ਸੈਫ ਅਲੀ ਖਾਨ ਦੇ ਨਾਲ ਇੱਕ ਬੇਹੱਦ ਖਾਸ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਕਿ ਅਦਾਕਾਰ ਸੈਫ ਅਲੀ ਖਾਨ ਉਸ ਸਮੇਂ ਜ਼ਖਮੀ ਹੋ ਗਏ ਜਦੋਂ ਇੱਕ ਲੁਟੇਰੇ ਨੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਦੇ ਬਾਂਦਰਾ (ਪੱਛਮ) ਸਥਿਤ ਘਰ ਵਿੱਚ ਦਾਖਲ ਹੋ ਕੇ ਕਥਿਤ ਤੌਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਜਾਣਕਾਰੀ ਮੁਤਾਬਿਕ ਇਹ ਘਟਨਾ ਵੀਰਵਾਰ ਸਵੇਰੇ 2:30 ਵਜੇ ਦੇ ਕਰੀਬ ਵਾਪਰੀ ਜਦੋਂ ਅਦਾਕਾਰ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਆਪਣੇ ਘਰ ਵਿੱਚ ਸੌਂ ਰਿਹਾ ਸੀ। ਪੁਲਿਸ ਨੇ ਕਿਹਾ ਕਿ ਘਰ ਦੇ ਲੋਕਾਂ ਦੇ ਜਾਗਣ ਤੋਂ ਬਾਅਦ ਲੁਟੇਰਾ ਮੌਕੇ ਤੋਂ ਭੱਜ ਗਿਆ ਅਤੇ ਪੁਲਿਸ ਉਸਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਂਦਰਾ ਪੁਲਿਸ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਵਿੱਚ ਹੈ ਅਤੇ ਦੋਸ਼ੀ ਨੂੰ ਫੜਨ ਲਈ ਕਈ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ।
ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਹਿਣਾ ਹੈ ਕਿ, “ਸੈਫ ਅਲੀ ਖਾਨ ਨੂੰ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਸਨੂੰ ਲੁਟੇਰੇ ਨਾਲ ਝੜਪ ਵਿੱਚ ਚਾਕੂ ਮਾਰਿਆ ਗਿਆ ਹੈ ਜਾਂ ਜ਼ਖਮੀ ਕੀਤਾ ਗਿਆ ਹੈ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁੰਬਈ ਅਪਰਾਧ ਸ਼ਾਖਾ ਵੀ ਘਟਨਾ ਦੀ ਸਮਾਨਾਂਤਰ ਜਾਂਚ ਕਰ ਰਹੀ ਹੈ।”
ਲੀਲਾਵਤੀ ਹਸਪਤਾਲ ਦੇ ਸੀਓਓ ਡਾ. ਨੀਰਜ ਉੱਤਮਣੀ ਨੇ ਕਿਹਾ, “ਸੈਫ਼ ‘ਤੇ ਉਸ ਦੇ ਘਰ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ। ਉਸਨੂੰ ਸਵੇਰੇ 3:30 ਵਜੇ ਲੀਲਾਵਤੀ ਵਿੱਚ ਲਿਆਂਦਾ ਗਿਆ। ਉਸਨੂੰ ਛੇ ਦੇ ਕਰੀਬ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਦੋ ਡੂੰਘੀਆਂ ਹਨ। ਇੱਕ ਸੱਟ ਉਸਦੀ ਰੀੜ੍ਹ ਦੀ ਹੱਡੀ ਦੇ ਨੇੜੇ ਹੈ। ਅਸੀਂ ਉਸਦਾ ਆਪ੍ਰੇਸ਼ਨ ਕਰ ਰਹੇ ਹਾਂ। ਉਸਦਾ ਆਪ੍ਰੇਸ਼ਨ ਨਿਊਰੋਸਰਜਨ ਨਿਤਿਨ ਡਾਂਗੇ, ਕਾਸਮੈਟਿਕ ਸਰਜਨ ਲੀਨਾ ਜੈਨ ਅਤੇ ਅਨੱਸਥੀਸੀਆ ਮਾਹਿਰ ਨਿਸ਼ਾ ਗਾਂਧੀ ਕਰ ਰਹੇ ਹਨ। ਸਾਨੂੰ ਸਰਜਰੀ ਤੋਂ ਬਾਅਦ ਹੀ ਨੁਕਸਾਨ ਦੀ ਹੱਦ ਬਾਰੇ ਦੱਸਿਆ ਜਾਵੇਗਾ।”