ਬੀਤੇ ਦਿਨ ਹਿਮਾਚਲ ਵਿੱਚ ਸਿੱਖ ਸ਼ਰਧਾਲੂਆਂ ਨਾਲ ਧਾਰਮਿਕ ਝੰਡਿਆਂ ਨੂੰ ਲੈਕੇ ਹਿਮਾਚਲ ਦੇ ਕੁਝ ਲੋਕਾਂ ਨਾਲ ਵਿਵਾਦ ਹੋਇਆ ਸੀ। ਜਿਸ ਤੇ ਪੰਜਾਬ ਤੇ ਹੀਅੰਚਲ ਵਿੱਚ ਕਾਫੀ ਮੁੱਦਾ ਭਖਿਆ ਹੋਇਆ ਹੈ।
ਇਸ ‘ਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਵਿਰੋਧੀ ਗਤੀਵਿਧੀਆਂ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰ ਸਿੱਖ ਸ਼ਰਧਾਲੂਆਂ ਦੇ ਵਾਹਨਾਂ ਤੋਂ ਨਿਸ਼ਾਨ ਸਾਹਿਬ ਅਤੇ ਸਿੱਖ ਨਾਇਕਾਂ ਦੇ ਝੰਡੇ ਅਤੇ ਤਸਵੀਰਾਂ ਪਾੜ ਰਹੇ ਸਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਰਾਸ਼ਟਰੀ ਹਿੱਤ ਵਿੱਚ ਨਹੀਂ ਹਨ। ਉਨ੍ਹਾਂ ਯਾਦ ਦਿਵਾਇਆ ਕਿ ਦੇਸ਼ ਦਾ ਬਹੁ-ਧਾਰਮਿਕ ਅਤੇ ਬਹੁ-ਜਾਤੀ ਸੱਭਿਆਚਾਰ ਸਿੱਖਾਂ ਦੀ ਸ਼ਹਾਦਤ ਦਾ ਨਤੀਜਾ ਹੈ। ਸ਼੍ਰੋਮਣੀ ਕਮੇਟੀ ਮੁਖੀ ਨੇ ਹਿਮਾਚਲ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਕੰਮਕਾਜ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ।
ਉਨ੍ਹਾਂ ਪੰਜਾਬ ਸਰਕਾਰ ਦੀ ਚੁੱਪੀ ਨੂੰ ਸੂਬੇ ਦੇ ਲੋਕਾਂ ਨਾਲ ਵਿਸ਼ਵਾਸਘਾਤ ਵੀ ਕਰਾਰ ਦਿੱਤਾ। ਸ਼੍ਰੋਮਣੀ ਕਮੇਟੀ ਨੇ ਹਿਮਾਚਲ ਸਰਕਾਰ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੇ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਹਿਮਾਚਲ ਵਿੱਚ ਸਿੱਖਾਂ ‘ਤੇ ਹੋ ਰਹੇ ਜ਼ੁਲਮ ਦਾ ਮੁੱਦਾ ਚੁੱਕਣ ਦੀ ਵੀ ਮੰਗ ਕੀਤੀ ਹੈ।