CGC ਯੂਨੀਵਰਸਿਟੀ, ਮੋਹਾਲੀ ਵੱਲੋਂ ਗ੍ਰੇਟ ਨਵ ਭਾਰਤ ਮਿਸ਼ਨ ਫਾਊਂਡੇਸ਼ਨ ਅਤੇ ਪੰਜਾਬ ਕੇਸਰੀ ਗਰੁੱਪ ਦੇ ਸਹਿਯੋਗ ਨਾਲ ਆਪਣੇ ਕੈਂਪਸ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਸਫਲ ਆਯੋਜਨ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਇਹ ਕੈਂਪ ਪੰਜਾਬ ਕੇਸਰੀ ਸਮੂਹ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ਦੇ ਮੌਕੇ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਆਯੋਜਿਤ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।
ਦੱਸਣਯੋਗ ਹੈ, ਕਿ ਕੈਂਪ ਦਾ ਮਕਸਦ ਲੋੜਵੰਦਾਂ ਲਈ ਖੂਨ ਉਪਲਬਧ ਕਰਵਾਉਣਾ,ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ, ਅਤੇ ਨੌਜਵਾਨਾਂ ਨੂੰ ਸਮਾਜ ਸੇਵਾ ਵੱਲ ਪ੍ਰੇਰਿਤ ਕਰਨਾ ਸੀ।
ਇਸ ਮੌਕੇ ਨੂੰ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਦੀ ਮੌਜੂਦਗੀ ਨੇ ਨਾਲ ਹੋਰ ਵੀ ਖਾਸ ਬਣਾ ਦਿੱਤਾ। ਉਨ੍ਹਾਂ ਦੇ ਪ੍ਰੇਰਣਾਦਾਇਕ ਸ਼ਬਦਾਂ ਨੇ ਮੌਜੂਦ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਖੂਨਦਾਨ ਮਨੁੱਖਤਾ ਲਈ ਇਕ ਡੂੰਘੀ ਜ਼ਿੰਮੇਵਾਰੀ ਹੈ। ਉਨ੍ਹਾਂ ਦੇ ਸੰਬੋਧਨ ਨੇ ਸਮਾਗਮ ਵਿੱਚ ਸ਼ਾਮਿਲ ਲੋਕਾਂ ਵਿੱਚ ਜੋਸ਼ ਭਰ ਦਿੱਤਾ।
ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ਕਿਹਾ, ਕਿ ਖੂਨਦਾਨ ਇਕ ਅਜਿਹਾ ਦਾਨ ਹੈ, ਜਿਸ ਰਾਹੀਂ ਅਸੀਂ ਕਿਸੇ ਨੂੰ ਨਵਾਂ ਜੀਵਨ ਦੇ ਸਕਦੇ ਹਾਂ। ਜੇਕਰ ਸਾਨੂੰ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਮੌਕਾ ਮਿਲੇ, ਤਾਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ, ਕਿਉਂਕਿ ਸਾਡਾ ਇਹ ਛੋਟਾ ਜਿਹਾ ਯਤਨ ਕਿਸੇ ਲਈ ਨਵੀਂ ਜ਼ਿੰਦਗੀ ਤੇ ਸਾਡੇ ਲਈ ਜੀਵਨ ਭਰ ਦਾ ਗੌਰਵ ਬਣ ਸਕਦਾ ਹੈ।
ਇਸ ਮੌਕੇ ਸ੍ਰੀ ਕਰਨ ਗਿਲਹੋਤਰਾ ਵੀ ਮੌਜੂਦ ਸਨ, ਜਿਨ੍ਹਾਂ ਨੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਹੋਣ ਕਰਕੇ ਆਪਣਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਦਰਜ ਕਰਵਾਇਆ ਹੈ, ਅਤੇ ਜੋ ਪੀਐਚਡੀ ਚੈਂਬਰ (ਪੰਜਾਬ) ਦੇ ਸਹਿ-ਚੇਅਰਮੈਨ ਅਤੇ ਪਲਾਕਸ਼ਾ ਯੂਨੀਵਰਸਿਟੀ, ਮੋਹਾਲੀ ਦੇ ਸੰਸਥਾਪਕ ਵੀ ਹਨ। ਉਨ੍ਹਾਂ ਨੇ ਯਾਦ ਦਿਵਾਇਆ ਕਿ ਲੀਡਰਸ਼ਿਪ ਸਿਰਫ਼ ਸਫਲਤਾ ਪ੍ਰਾਪਤ ਕਰਨ ਵਿੱਚ ਨਹੀਂ ਹੈ, ਸਗੋਂ ਦੂਜਿਆਂ ਦੀ ਸੇਵਾ ਕਰਨ ਵਿੱਚ ਵੀ ਹੈ।
ਇਸ ਸਮਾਗਮ ਨੂੰ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਦੀ ਸ਼ਮੂਲੀਅਤ ਨਾਲ ਹੋਰ ਵੀ ਸ਼ਾਨਦਾਰ ਬਣਾ ਦਿੱਤਾ, ਜਿਨ੍ਹਾਂ ਨੇ ਗਰੁੱਪ ਦੀ ਸਮਾਜਿਕ ਯੋਗਦਾਨ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਚਾਨਣਾ ਪਾਇਆ। ਉਨ੍ਹਾਂ ਨੇ ਸਮੂਹਿਕ ਭਲਾਈ ਲਈ ਭਾਈਚਾਰਿਆਂ ਨੂੰ ਸੰਗਠਿਤ ਕਰਨ ਵਿੱਚ ਮੀਡੀਆ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ।
ਇਸ ਦੌਰਾਨ PHD ਚੈਂਬਰ ਤੋਂ ਸ਼੍ਰੀ ਰਾਜਨ ਚੋਪੜਾ ਅਤੇ CGC ਯੂਨੀਵਰਸਿਟੀ ਤੋਂ ਸ਼੍ਰੀ ਸੁਸ਼ੀਲ ਪਰਾਸ਼ਰ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਏ, ਉਨ੍ਹਾਂ ਨੇ ਪ੍ਰਬੰਧਕਾਂ ਅਤੇ ਦਾਨੀਆਂ ਦੇ ਜੀਵਨ ਬਚਾਉਣ ਵਾਲੇ ਯੋਗਦਾਨ ਦੀ ਸ਼ਲਾਘਾ ਕੀਤੀ।
ਗ੍ਰੇਟ ਨਵ ਭਾਰਤ ਮਿਸ਼ਨ ਫਾਊਂਡੇਸ਼ਨ, ਸਮਾਜ ਭਲਾਈ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਦੇ ਨਾਲ, ਸਮਰਥਨ ਜੁਟਾਉਣ ਅਤੇ ਜਾਗਰੂਕਤਾ ਫੈਲਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ, ਜਦੋਂ ਕਿ ਪੰਜਾਬ ਕੇਸਰੀ ਗਰੁੱਪ ਨੇ ਆਪਣੀ ਭਰੋਸੇਯੋਗਤਾ ਅਤੇ ਪਹੁੰਚ ਰਾਹੀਂ ਇਸ ਉਦੇਸ਼ ਨੂੰ ਵਧਾਇਆ।
CGC ਯੂਨੀਵਰਸਿਟੀ, ਮੋਹਾਲੀ ਦੁਆਰਾ ਸਥਾਪਿਤ, ਇਸ ਸਾਂਝੇਦਾਰੀ ਨੇ ਸਾਬਿਤ ਕਰ ਦਿੱਤਾ ਕਿ ਸਾਂਝਾ ਉਦੇਸ਼ ਕਿਵੇਂ ਸਥਾਈ ਪ੍ਰਭਾਵ ਵਿੱਚ ਬਦਲ ਸਕਦਾ ਹੈ।
ਜ਼ਿਕਰਯੋਗ ਹੈ, ਕਿ ਇਸ ਕੈਂਪ ਵਿੱਚ 600 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ ਅਤੇ ਹਰ ਖੂਨਦਾਨੀ ਯੋਧਾ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਸਾਡੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਕਾਬਿਲੇ ਤਾਰੀਫ਼ ਹੈ। ਇਸ ਕੈਂਪ ਨੇ ਸਾਬਿਤ ਕਰ ਦਿੱਤਾ, ਕਿ ਸੀਜੀਸੀ ਯੂਨੀਵਰਸਿਟੀ ਦੇ ਵਿਦਿਆਰਥੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਹਮੇਸ਼ਾ ਅੱਗੇ ਹਨ।
CGC ਯੂਨੀਵਰਸਿਟੀ, ਮੋਹਾਲੀ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਜ ਸੇਵਾ ਅਤੇ ਸਿਹਤ ਸੰਬੰਧੀ ਕੰਮ ਕਰਦੀ ਰਹੇਗੀ, ਤਾਂ ਜੋ ਸਮਾਜ ਵਿੱਚ ਸਕਰਾਤਮਕ ਬਦਲਾਅ ਲਿਆਇਆ ਜਾ ਸਕੇ।