ਚੰਡੀਗੜ੍ਹ/ ਮਲੋਟ : ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਰੰਭਿਕ ਬਚਪਨ ਦੇਖਭਾਲ ਅਤੇ ਸਿੱਖਿਆ (ਅਰਲੀ ਚਾਇਲਡਹੁਡ ਕੇਅਰ ਐਂਡ ਐਜੂਕੇਸ਼ਨ) ਅਤੇ ਸਮੱਗਰੀਕ ਪੋਸ਼ਣ ਯੋਜਨਾ (ਪੋਸ਼ਣ ਅਭਿਆਨ) ਦੇ ਤਹਿਤ ਸੂਬਾ ਅਤੇ ਰਾਜ ਪੱਧਰ ’ਤੇ ਵਿਸ਼ਾਲ ਪੱਧਰੀ ਸਮਰਥਾ ਵਿਕਾਸ ਅਤੇ ਜਾਗਰੂਕਤਾ ਪ੍ਰੋਗਰਾਮ ਅਮਲ ਵਿੱਚ ਲਿਆਂਦੇ ਜਾ ਰਹੇ ਹਨ ਤਾਂ ਜੋ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਸਿੱਖਣ ਦੇ ਨਤੀਜਿਆਂ ਨੂੰ ਮਜ਼ਬੂਤ ਕੀਤਾ ਜਾ ਸਕੇ।
ਇਸੇ ਕੜੀ ਹੇਠ ਅੱਜ ਮਲੋਟ ਵਿਖੇ ਪੋਸ਼ਣ ਅਭਿਆਨ ਦੇ ਅਧੀਨ ਰਾਜ ਪੱਧਰੀ ਪੋਸ਼ਣ ਜਾਗਰੂਕਤਾ ਅਤੇ ਸਮਰਥਾ ਵਿਕਾਸ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸ਼ਿਰਕਤ ਕੀਤੀ। ਇਹ ਸਮਾਗਮ ਪੋਸ਼ਣ ਵੀ ਪੜਾਈ ਵੀ ਟਾਇਰ-2, ਫੇਜ਼ 2 ਟ੍ਰੇਨਿੰਗ ਪ੍ਰੋਗਰਾਮ ਤਹਿਤ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਜਮੀਨੀ ਪੱਧਰ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਸਮਰਥਾ ਨੂੰ ਮਜ਼ਬੂਤ ਕਰਨਾ ਅਤੇ ਪੋਸ਼ਣ ਸੰਬੰਧੀ ਯੋਜਨਾਵਾਂ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਯਕੀਨੀ ਬਣਾਉਣਾ ਸੀ।






