ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪੂਰੇ ਦੇਸ਼ ਦਾ ਕਿਸਾਨ 7 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਪਿਆ ਹੈ ਤੇ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਦਾ ਕਾਰਨ ਸਪੱਸ਼ਟ ਹੈ ਕਿ ਦੇਸ਼ ਦੀ ਸਰਕਾਰ ’ਤੇ ਵੱਡੀਆਂ ਕੰਪਨੀਆਂ ਦਾ ਕਬਜ਼ਾ ਹੈ। ਜੇ ਕਿਸੇ ਸਿਆਸੀ ਪਾਰਟੀ ਦੀ ਸਰਕਾਰ ਹੁੰਦੀ ਤਾਂ ਉਹ ਸੰਘਰਸ਼ ਨੂੰ ਦੇਖਦੇ ਹੋਏ ਬਾਹਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਮੁੰਦਰ ਰਾਹੀਂ ਆਏ ਸਨ, ਉਨ੍ਹਾਂ ਪਹਿਲਾਂ ਵੀ ਦੇਸ਼ ਉੱਤੇ ਕਬਜ਼ਾ ਕਰ ਲਿਆ ਸੀ। ਹੁਣ ਵੀ ਉਹੀ ਹਨ। ਇਸ ਲਈ ਕੰਪਨੀ ਦੀ ਸਰਕਾਰ ਲੋਕ ਵਿਰੋਧੀ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਅੱਧਾ ਦੇਸ਼ ਵਿਕਿਆ ਹੈ ਅਤੇ ਅੱਧਾ ਬੋਲੀ ਲੱਗਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਲੋਕ, ਜਿਨ੍ਹਾਂ ਸਰਕਾਰ ਸੰਭਾਲੀ ਹੋਈ ਹੈ, ਦਾ ਨਾ ਤਾਂ ਇਸ ਦੇਸ਼ ਨਾਲ ਲਗਾਓ ਹੈ ਅਤੇ ਨਾ ਹੀ ਦੇਸ਼ ਦੇ ਸਰੋਤਾਂ ਨਾਲ। ਸਰੋਤਾਂ ਨੂੰ ਹਾਸਲ ਕਰਨ ਦੇ ਨਾਲ, ਉਨ੍ਹਾਂ ਨੇ ਮੀਡੀਆ, ਰੇਡੀਓ ਅਤੇ ਇੱਥੋਂ ਤਕ ਕਿ ਦੇਸ਼ ਦੇ ਲੋਕਾਂ ਦੇ ਦਿਮਾਗ ’ਤੇ ਵੀ ਕਬਜ਼ਾ ਕਰ ਲਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਸਤੰਬਰ ਮਹੀਨੇ ਤੱਕ ਕਿਸਾਨਾਂ ਦੀ ਗੱਲ ਨਹੀਂ ਮੰਨੀ ਤਾਂ ਕਿਸਾਨ ਵੱਡਾ ਫ਼ੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੁਲੀਸ ਗੁੰਮਰਾਹਕੁਨ ਤਰੀਕੇ ਨਾਲ ਟਰੈਕਟਰਾਂ ਨੂੰ ਲਾਲ ਕਿਲ੍ਹੇ ਵੱਲ ਲੈ ਗਈ ਪਰ ਇਸ ਵਾਰ ਉਹ ਕਿਸਾਨਾਂ ਨੂੰ ਬੁਲਾ ਕੇ ਸੰਸਦ ਜਾਣਗੇ। ਉਨ੍ਹਾਂ ਗਾਜ਼ੀਪੁਰ ਹੱਦ ’ਤੇ ਅੰਦੋਲਨ ਦੇ ਮੰਚ ਤੋਂ ਕਿਹਾ ਕਿ ਇਸ ਵਾਰ ਜੇ ਸੰਘਰਸ਼ ਹੋਇਆ ਤਾਂ ਕਿਸਾਨ ਪਿੱਛੇ ਨਹੀਂ ਹਟੇਗਾ। ਸਰਕਾਰ ਨੂੰ ਸਤੰਬਰ ਤੱਕ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਸਖਤ ਫ਼ੈਸਲਾ ਲੈਣ ਲਈ ਮਜਬੂਰ ਹੋਵਾਂਗੇ।