ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਿ ਮਲਿਕਾਅਰਜੁਨ ਖੜਗੇ ਪ੍ਰਧਾਨ ਦੇ ਅਹੁਦੇ ਲਈ ਗਾਂਧੀ ਪਰਿਵਾਰ ਦੇ ‘ਪ੍ਰੌਕਸੀ’ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ ਡਾ. ਸ਼ਸ਼ੀ ਥਰੂਰ ਵੀ ਇਕ ਸੀਨੀਅਰ ਅਤੇ ਸਤਿਕਾਰਤ ਨੇਤਾ ਹਨ, ਜਿਨ੍ਹਾਂ ਨੇ ਚੋਣ ਦੀ ਪਾਰਦਰਸ਼ਤਾ ‘ਤੇ ਸਵਾਲ ਹੀ ਨਹੀਂ ਉਠਾਏ, ਸਗੋਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਹੀ ਦਰਦ ਹੋ ਰਿਹਾ ਹੈ |
ਇੱਥੇ ਆਪਣੀ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਸਵਾਲ ਕੀਤਾ ਕਿ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਨੇ ਕਿਸ ਨੂੰ ਵੋਟ ਪਾਈ ਹੈ?
ਵੜਿੰਗ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਰੀਬ 10,000 ਡੈਲੀਗੇਟਾਂ ਦੀਆਂ ਵੋਟਾਂ ਹਨ।
ਤੁਸੀਂ 10000 ਵੋਟਰਾਂ ਨੂੰ ਬਿਨਾਂ ਕਿਸੇ ਦੇ ਧਿਆਨ ਦੇ ਕਿਵੇਂ ਪ੍ਰਭਾਵਿਤ ਕਰ ਸਕਦੇ ਹੋ। ਹਰ ਵੋਟਰ ਨੇ ਬਿਨਾਂ ਕਿਸੇ ਦਬਾਅ ਦੇ ਆਪਣੀ ਮਰਜ਼ੀ ਨਾਲ ਵੋਟ ਪਾਈ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਾਂਗਰਸ ਵੱਲੋਂ ਅਪਣਾਈ ਗਈ ਲੋਕਤੰਤਰੀ ਪ੍ਰਕਿਰਿਆ ‘ਤੇ ਵਿਰੋਧੀ ਪਾਰਟੀਆਂ ਦੀ ਆਲੋਚਨਾ ਦੀ ਨਿਖੇਧੀ ਕੀਤੀ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਦਾਅਵਿਆਂ ਕਿ ਖੜਗੇ ਗਾਂਧੀ ਪਰਿਵਾਰ ਦੇ ਪ੍ਰੌਕਸੀ ਉਮੀਦਵਾਰ ਹਨ, ਉੱਪਰ ਵਰ੍ਹਦੇ ਹੋਏ ਕਿਹਾ ਕਿ ਕਾਂਗਰਸ ਦੀ ਪਾਰਦਰਸ਼ੀ ਚੋਣ ਪ੍ਰਕਿਰਿਆ ਨੇ ਹੁਣ ਪਰਿਵਾਰਵਾਦ ਦੇ ਦੋਸ਼ਾਂ ਨੂੰ ਖੋਹ ਲਿਆ ਹੈ, ਜਿਸ ਕਾਰਨ ਅਜਿਹੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮੰਨ ਲਓ ਕਿ ਜਿਸ ਉਮੀਦਵਾਰ ਨੂੰ ਗਾਂਧੀ ਪਰਿਵਾਰ ਦਾ ਪ੍ਰੋਕਸੀ ਕਿਹਾ ਜਾ ਰਿਹਾ ਹੈ, ਉਹ ਜਿੱਤ ਜਾਂਦਾ ਹੈ ਤਾਂ ਕੀ ਉਹ ਦੇਸ਼ ਭਰ ਦੇ ਪਾਰਟੀ ਵਰਕਰਾਂ ਵਿਚ ਗਾਂਧੀ ਪਰਿਵਾਰ ਦਾ ਪ੍ਰਭਾਵ ਕਬੂਲ ਨਹੀਂ ਕਰੇਗਾ? ਅੱਜ ਦੀ ਚੋਣ ਇਹ ਸਪੱਸ਼ਟ ਕਰ ਦੇਵੇਗੀ ਕਿ ਦੇਸ਼ ਭਰ ਦੇ ਕਾਂਗਰਸੀ ਵਰਕਰਾਂ ਦੇ ਦਿਲਾਂ ‘ਤੇ ਕੌਣ ਰਾਜ ਕਰਦਾ ਹੈ।
ਵੜਿੰਗ ਨੇ ਕਿਹਾ ਕਿ ਜੋ ਵੀ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਜਿੱਤੇਗਾ, ਇਹ ਜ਼ਮੀਨੀ ਪੱਧਰ ‘ਤੇ ਕਾਂਗਰਸੀ ਵਰਕਰਾਂ ਦੀ ਜਿੱਤ ਹੋਵੇਗੀ | ਕਿਉਂਕਿ ਉਨ੍ਹਾਂ ਦਾ ਮੁਖੀ ਉਨ੍ਹਾਂ ਦੇ ਨੁਮਾਇੰਦਿਆਂ ਦੁਆਰਾ ਚੁਣਿਆ ਜਾਵੇਗਾ ਨਾ ਕਿ ਨਾਗਪੁਰ ਮਹਿਲ ਤੋਂ ਥੋਪਿਆ ਵਿਅਕਤੀ।
ਉਨ੍ਹਾਂ ਕਾਂਗਰਸ ਦੀ ਚੋਣ ਪ੍ਰਕਿਰਿਆ ‘ਤੇ ਸਵਾਲ ਉਠਾਉਣ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਜਿਹੀਆਂ (ਕਾਂਗਰਸ ਵਰਗੀਆਂ) ਚੋਣਾਂ ਕਰਵਾਉਣ ਦੀ ਚੁਣੌਤੀ ਦਿੱਤੀ।