ਬੀਤੀ ਰਾਤ ਪੱਟੀ ਨੇੜੇ ਠਕਰਪੁਰਾ ਵਿਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਚਰਚ ਦੀ ਭੰਨਤੋੜ ਕਰਨ ਅਤੇ ਉਥੇ ਖੜੀ ਇਕ ਕਾਰ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਪੱਟੀ ਸਿਟੀ ਪੁਲਿਸ ਸਟੇਸ਼ਨ ਵਿਚ ਐਫ ਆਈ ਆਰ ਦਰਜ ਕਰ ਲਈ ਗਈ ਹੈ। ਅੱਜ ਸਵੇਰੇ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਤੇ ਜਿਲ੍ਹਾ ਪੁਲਿਸ ਮੁਖੀ ਸ. ਰਣਜੀਤ ਸਿੰਘ ਢਿਲੋਂ ਵੱਲੋਂ ਘਟਨਾ ਸਥਾਨ ਦਾ ਦੌਰਾ ਕਰਕੇ ਇਸਾਈ ਭਾਈਚਾਰੇ ਨੂੰ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਰੀਬ ਪੌਣੇ ਇਕ ਵਜੇ ਚਾਰ ਸ਼ਰਾਰਤੀ ਕੰਧ ਟੱਪ ਕੇ ਚਰਚ ਦੇ ਕੰਪਲੈਕਸ ਵਿਚ ਦਾਖਲ ਹੋਏ ਅਤੇ ਉਨਾਂ ਨੇ ਸੁਰੱਖਿਆ ਕਰਮੀ ਨੂੰ ਇਕ ਕਮਰੇ ਵਿਚ ਕੈਦ ਕਰਨ ਮਗਰੋਂ ਚਰਚ ਵਿਚ ਲੱਗੇ ਕਰਾਈਸਟ ਯੀਸਸ ਦੇ ਬੁੱਤ ਦੀ ਭੰਨ ਤੋੜ ਕੀਤੀ ਅਤੇ ਉਥੇ ਖੜੀ ਇਕ ਕਾਰ ਨੂੰ ਅੱਗ ਲਗਾ ਦਿੱਤੀ। ਉਨਾਂ ਦੱਸਿਆ ਕਿ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਇੰਨਾਂ ਵਿਅਕਤੀਆਂ ਦੀ ਗਿਣਤੀ ਚਾਰ ਸੀ ਅਤੇ ਇਹ ਕੱਚੇ ਰਸਤਿਆਂ ਤੋਂ ਚਰਚ ਵਿਚ ਆਏ।
ਉਨਾਂ ਦੱਸਿਆ ਕਿ ਉਕਤ ਘਟਨਾ ਸੀ ਸੀ ਟੀ ਵੀ ਕੈਮਰਿਆਂ ਵਿਚ ਕੈਦ ਸੀ ਅਤੇ ਇਸ ਤੋਂ ਇਲਾਵਾ ਵੀ ਪੁਲਿਸ ਨੂੰ ਪੁਖ਼ਤਾ ਸਬੂਤ ਮਿਲ ਗਏ ਹਨ ਅਤੇ ਛੇਤੀ ਹੀ ਦੋਸ਼ੀ ਪੁਲਿਸ ਦੀ ਗਿ੍ਰਫਤ ਵਿਚ ਹੋਣਗੇ। ਉਨਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਪੁਲਿਸ ਉਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ। ਉਨਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਕੇਵਲ ਪੰਜਾਬ ਦੇ ਸਾਂਤ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ, ਪਰ ਪੁਲਿਸ ਸ਼ਰਾਰਤੀ ਲੋਕਾਂ ਦੇ ਨਾਪਾਕ ਮਨਸੂਬੇ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਛੇਤੀ ਹੀ ਸਾਰੇ ਦੋਸ਼ੀ ਪੁਲਿਸ ਦੀ ਗਿ੍ਰਫਤ ਵਿਚ ਹੋਣਗੇ। ਇਸਾਈ ਭਾਈਚਾਰੇ ਨੇ ਜਿਲ੍ਹਾ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਤੇ ਜਾਂਚ ਵਿਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਹ ਵੀ ਪੜ੍ਹੋ-‘ਭਗਵਾਨ ਯੀਸ਼ੂ ਤੇ ਮਾਂ ਮਰੀਅਮ ਦੀ ਮੂਰਤੀ ਦੀ ਬੇਅਦਬੀ ਬੇਹੱਦ ਮੰਦਭਾਗੀ, ਪੰਜਾਬ ਦੀ ਭਾਈਚਾਰਕ ਸਾਂਝ ਤੋੜਣ ਦੀ ਕਿਸੇ ਨੂੰ ਇਜਾਜ਼ਤ ਨਹੀਂ’
ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਘਟਨਾ ਦੀ ਨਿਖੇਧੀ ਕਰਦੇ ਹੋਏ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਬਹੁਤ ਨਿੰਦਣਯੋਗ ਘਟਨਾ ਹੈ ਅਤੇ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਪੁਲਿਸ ਮੁਖੀ ਨਾਲ ਕੀਤੀ ਗੱਲਬਾਤ ਵਿਚ ਉਨਾਂ ਨੇ ਇਸ ਨਾ-ਮੁਆਫੀਯੋਗ ਘਟਨਾ ਦੀ ਤੈਅ ਤੱਕ ਜਾਣ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਇਸ ਘਟਨਾ ਪਿੱਛੇ ਸੂਬੇ ਦੀ ਅਮਨ-ਸਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀਆਂ ਦੁਸ਼ਮਣ ਤਾਕਤਾਂ ਦਾ ਹੱਥ ਹੈ, ਪਰ ਅਸੀਂ ਇਹ ਘਟੀਆ ਮਨਸੂਬੇ ਕਾਮਯਾਬ ਨਹੀਂ ਹੋਣ ਦਿਆਂਗੇ। ਉਨਾਂ ਕਿਹਾ ਕਿ ਸੂਬਾ ਸਰਕਾਰ ਅਜਿਹੀਆਂ ਸਾਜਿਸ਼ਾਂ ਨੂੰ ਨਾਕਾਮ ਕਰੇਗੀ ਅਤੇ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰੇਗੀ, ਤਾਂ ਜੋ ਭਵਿੱਖ ਵਿਚ ਬਾਕੀਆਂ ਨੂੰ ਸਬਕ ਮਿਲ ਸਕੇ। ਉਨਾਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਅਮਨ-ਸਾਂਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਇਹ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।