ਜੰਮੂ ਕਸ਼ਮੀਰ ਵਿਚ 3 ਪੜਾਵਾਂ ਵਿਚ ਹੋਣਗੀਆਂ ਵਿਧਾਨ ਸਭਾ ਚੋਣਾਂ
ਪਹਿਲੇ ਪੜਾਅ ਦੀਆਂ ਚੋਣਾਂ 18 ਸਤੰਬਰ ਨੂੰ
ਦੂਜੇ ਪੜਾਅ ਦੀਆਂ ਚੋਣਾਂ 25 ਸਤੰਬਰ ਨੂੰ
ਆਖ਼ਰੀ ਤੀਜੇ ਪੜਾਅ ਦੀਆਂ ਚੋਣਾਂ 1 ਅਕਤੂਬਰ ਨੂੰ
ਨਤੀਜਾ 4 ਅਕਤੂਬਰ ਨੂੰ
ਹਰਿਆਣਾ ਵਿਚ ਚੋਣਾਂ 1 ਅਕਤੂਬਰ ਨੂੰ ਅਤੇ ਨਤੀਜਾ 4 ਅਕਤੂਬਰ ਨੂੰ
ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਜੰਮੂ-ਕਸ਼ਮੀਰ ‘ਚ ਤਿੰਨ ਗੇੜਾਂ ‘ਚ ਵੋਟਿੰਗ ਹੋਵੇਗੀ, ਜਦਕਿ ਹਰਿਆਣਾ ‘ਚ ਇਕ ਹੀ ਗੇੜ ‘ਚ ਵੋਟਿੰਗ ਹੋਵੇਗੀ। ਦੋਵਾਂ ਦੇ ਚੋਣ ਨਤੀਜੇ 4 ਅਕਤੂਬਰ ਨੂੰ ਨਾਲੋ-ਨਾਲ ਐਲਾਨੇ ਜਾਣਗੇ। ਪਹਿਲੇ ਗੇੜ ਲਈ ਨੋਟੀਫਿਕੇਸ਼ਨ 20 ਨੂੰ ਹੋਵੇਗਾ ਅਤੇ ਵੋਟਿੰਗ 18 ਸਤੰਬਰ ਨੂੰ ਹੋਵੇਗੀ। ਦੂਜੇ ਗੇੜ ਦੀ ਵੋਟਿੰਗ 25 ਸਤੰਬਰ ਨੂੰ ਅਤੇ ਤੀਜੇ ਗੇੜ ਦੀ ਵੋਟਿੰਗ 1 ਅਕਤੂਬਰ ਨੂੰ ਹੋਵੇਗੀ।
ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਕਸ਼ਮੀਰ ਦੇ ਨੌਜਵਾਨਾਂ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਅਸੀਂ 20 ਅਗਸਤ ਨੂੰ ਜੰਮੂ-ਕਸ਼ਮੀਰ ਵਿੱਚ ਵੋਟਰ ਸੂਚੀ ਜਾਰੀ ਕਰਾਂਗੇ। ਉਥੋਂ ਦੇ ਲੋਕ ਤਸਵੀਰ ਬਦਲਦੇ ਦੇਖਣਾ ਚਾਹੁੰਦੇ ਹਨ। ਜੰਮੂ-ਕਸ਼ਮੀਰ ਵਿੱਚ 11,838 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਲੈ ਕੇ ਅਸੀਂ ਮੌਸਮ ਦੇ ਕੁਝ ਸੁਧਰਨ ਦਾ ਇੰਤਜ਼ਾਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ 20 ਲੱਖ ਨੌਜਵਾਨ ਵੋਟ ਪਾਉਣ ਲਈ ਤਿਆਰ ਹਨ। ਅਸੀਂ 2024 ਦੀਆਂ ਆਮ ਚੋਣਾਂ ਵਿੱਚ ਕਸ਼ਮੀਰ ਵਿੱਚ ਚੋਣਤਮਕ ਲੋਕਤੰਤਰ ਦੀ ਨੀਂਹ ਰੱਖੀ ਸੀ। ਹੁਣ ਇਸ ‘ਤੇ ਇਮਾਰਤ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਬਰਾਬਰ ਸੁਰੱਖਿਆ ਦਿੱਤੀ ਜਾਵੇਗੀ।