Punjab Weather Update: ਪੰਜਾਬ ਵਿਚ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਠੰਢ ਨਾਲ ਤੇ ਧੁੰਦ ਨਾਲ ਹੋਈ। ਮੌਸਮ ਵਿਭਾਗ ਨੇ ਅੱਜ 14 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 0.2 ਡਿਗਰੀ ਦਾ ਵਾਧਾ ਹੋਇਆ ਹੈ।
ਹਾਲਾਂਕਿ ਇਹ ਸੂਬੇ ਦੇ ਆਮ ਪਾਰੇ ਨਾਲੋਂ 5.1 ਡਿਗਰੀ ਘੱਟ ਹੈ। ਗੁਰਦਾਸਪੁਰ ਵਿੱਚ ਸਭ ਤੋਂ ਵੱਧ ਪਾਰਾ 15 ਡਿਗਰੀ ਦਰਜ ਕੀਤਾ ਗਿਆ ਹੈ। ਜਦੋਂਕਿ ਚੰਡੀਗੜ੍ਹ ਵਿੱਚ ਪਾਰੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਇੱਥੇ ਪਾਰਾ 11.8 ਡਿਗਰੀ ਦਰਜ ਕੀਤਾ ਗਿਆ ਹੈ। ਜੋ ਆਮ ਨਾਲੋਂ ਅੱਠ ਡਿਗਰੀ ਘੱਟ ਹੈ।
ਦੂਜੇ ਪਾਸੇ ਜਿਨ੍ਹਾਂ ਜ਼ਿਲ੍ਹਿਆਂ ‘ਚ ਅੱਜ ਠੰਢ ਦਾ ਅਲਰਟ ਹੈ, ਉਨ੍ਹਾਂ ‘ਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ ਸਾਹਿਬ, ਫ਼ਰੀਦਕੋਟ, ਮੋਗਾ, ਬਠਿੰਡਾ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਸ਼ਾਮਿਲ ਹਨ।
ਮੌਸਮ ਵਿਭਾਗ ਮੁਤਾਬਕ 3 ਜਨਵਰੀ ਤੱਕ ਮੌਸਮ ਕਾਫੀ ਠੰਢਾ ਰਹੇਗਾ। ਇਹ ਅਫਗਾਨਿਸਤਾਨ ਦੇ ਉੱਪਰਲੇ ਖੇਤਰ ਵਿੱਚ ਇੱਕ ਕਮਜ਼ੋਰ ਪੱਛਮੀ ਗੜਬੜੀ ਕਾਰਨ ਹੈ। ਜਦੋਂ ਕਿ 4 ਜਨਵਰੀ ਨੂੰ ਪੱਛਮੀ ਗੜਬੜੀ ਐਕਟਿਵ ਰਹੇਗੀ। ਅਜਿਹੇ ‘ਚ ਕੁਝ ਜ਼ਿਲਿਆਂ ‘ਚ ਆਸਮਾਨ ‘ਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦੌਰਾਨ ਲੋਕਾਂ ਨੂੰ ਧੁੰਦ ਆਦਿ ਤੋਂ ਰਾਹਤ ਮਿਲੇਗੀ।
ਪੰਜਾਬ ਵਿੱਚ ਠੰਢ ਅਤੇ ਧੁੰਦ ਕਾਰਨ ਸਰਕਾਰ ਨੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਪਹਿਲਾਂ ਸਕੂਲ ਅਤੇ ਆਂਗਣਵਾੜੀ ਕੇਂਦਰ 31 ਦਸੰਬਰ ਨੂੰ ਖੁੱਲ੍ਹਣੇ ਸਨ। ਪਰ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਸਰਕਾਰ ਨੇ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੀਆਂ ਹਨ। ਹੁਣ ਸਾਰੇ ਅਦਾਰੇ 8 ਜਨਵਰੀ ਨੂੰ ਖੁੱਲ੍ਹਣਗੇ। ਇਸ ਦੌਰਾਨ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਘਰ ਜਾ ਕੇ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਸਬੰਧੀ ਵਿਭਾਗ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।