ਦੇਸ਼ ਵਿੱਚ ਬੇਰੁਜ਼ਗਾਰੀ ਖ਼ਿਲਾਫ਼ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਕੌਮੀ ਰਾਜਧਾਨੀ ਵਿੱਚ ਦਾਖ਼ਲ ਹੁੰਦੇ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਦਿੱਲੀ ਪੁਲੀਸ ਨੇ ਅੱਜ ਹਿਰਾਸਤ ਵਿੱਚ ਲੈ ਲਿਆ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਜੰਤਰ-ਮੰਤਰ ਜਾ ਰਹੇ ਸਨ ਤਾਂ ਟਿਕੈਤ ਨੂੰ ਗਾਜ਼ੀਪੁਰ ਵਿੱਚ ਰੋਕਿਆ ਗਿਆ, ਉਪਰੰਤ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਮਧੂ ਵਿਹਾਰ ਥਾਣੇ ਲਿਜਾਇਆ ਗਿਆ ਜਿੱਥੇ ਪੁਲੀਸ ਨੇ ਉਸ ਨਾਲ ਗੱਲ ਕੀਤੀ ਅਤੇ ਉਸਨੂੰ ਵਾਪਸ ਜਾਣ ਦੀ ਬੇਨਤੀ ਕੀਤੀ।
ਇਹ ਵੀ ਪੜ੍ਹੋ : ਟਿੱਕਰੀ ਬਾਰਡਰ ‘ਤੇ ਸੀਮਿੰਟ ਦੇ ਬੈਰੀਕੇਡ ਲਗਾਉਣ ਦੇ ਪ੍ਰਬੰਧ ਸ਼ੁਰੂ…
ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਰਾਸ਼ਟਰੀ ਬੁਲਾਰੇ ਅਤੇ ਸਾਂਝਾ ਕਿਸਾਨ ਮੋਰਚਾ (ਐਸਕੇਐਮ) ਦੇ ਪ੍ਰਮੁੱਖ ਚਿਹਰਾ ਟਿਕੈਤ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਕੇਂਦਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ। ਪੁਲੀਸ ਕਿਸਾਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਇਹ ਗ੍ਰਿਫਤਾਰੀ ਇੱਕ ਨਵੀਂ ਕ੍ਰਾਂਤੀ ਲਿਆਵੇਗੀ। ਇਹ ਸੰਘਰਸ਼ ਆਖਰੀ ਸਾਹ ਤੱਕ ਜਾਰੀ ਰਹੇਗਾ।
ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਗੋਪਾਲ ਰਾਏ ਨੇ ਟਿਕੈਤ ਦੀ ਨਜ਼ਰਬੰਦੀ ਦੀ ਨਿੰਦਾ ਕੀਤੀ ਹੈ।
ਇਹ ਵੀ ਜਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਕਈ ਜਥੇਬੰਦੀਆਂ ਨੇ ਦਿੱਲੀ ਦੇ ਜੰਤਰ ਮੰਤਰ ‘ਤੇ ਪ੍ਰਦਰਸ਼ਨ ਕਰਨ ਦੀ ਧਮਕੀ ਦਿੱਤੀ ਸੀ। ਜਿਸ ਕਾਰਨ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਦਿੱਲੀ ਦੇ ਟਿੱਕਰੀ ਬਾਰਡਰ ‘ਤੇ ਸੀਮਿੰਟ ਦੇ ਬੈਰੀਕੇਡ ਲਗਾਉਣ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ, ਬਾਰਡਰ ‘ਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਦਿੱਲੀ ਪੁਲਿਸ ਨੇ ਕੱਲ੍ਹ ਤੋਂ ਹੀ ਟਿੱਕਰੀ ਸਰਹੱਦ ‘ਤੇ ਸੀਮਿੰਟ ਦੇ ਬੈਰੀਕੇਡ ਲਗਾਉਣੇ ਸ਼ੁਰੂ ਕਰ ਦਿੱਤੇ ਸਨ।