ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ।ਇਸ ਦੌਰੇ ‘ਤੇ PM ਮੋਦੀ ਕਈ ਗਲੋਬਲ ਸੀਈਓਜ਼ ਨਾਲ ਮੁਲਾਕਾਤ ਕਰਨਗੇ।ਇਸਦੇ ਨਾਲ ਹੀ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਬੈਠਕ ਵੀ ਹੋਵੇਗੀ।PM ਮੋਦੀ 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨਗੇ।ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅਮਰੀਕਾ ਰਹਿੰਦੇ ਪੰਜਾਬੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ।
ਬਲਬੀਰ ਰਾਜੇਵਾਲ ਨੇ ਕਿਹਾ ਕਿ ਜਦੋਂ 25 ਤਰੀਕ ਨੂੰ PM ਮੋਦੀ ਆਪਣਾ ਭਾਸ਼ਣ ਦੇਣਗੇ ਤਾਂ, ‘ਮੇਰੀ ਅਮਰੀਕਾ ਰਹਿੰਦੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਯੂਐਨਓ ਦੇ ਦਫ਼ਤਰ ਸਾਹਮਣੇ ਆਪਣੀਆਂ ਗੱਡੀਆਂ ‘ਤੇ ਕਿਸਾਨੀ ਝੰਡੇ ਲਾ ਕੇ, ਹੱਥਾਂ ‘ਚ ਕਾਲੇ ਝੰਡੇ ਫੜ ਕੇ, ਨੋ ਫਾਰਮਰ ਨੋ ਫੂਡ, ਕਾਲੇ ਕਾਨੂੰਨ ਰੱਦ ਕਰੋ ਦੇ ਪੋਸਟਰ ਲਾ ਕੇ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਜਾਵੇ ਤਾਂ ਜੋ ਦੂਜੇ ਦੇਸ਼ਾਂ ਦੇ ਲੋਕਾਂ, ਨੁਮਾਇੰਦਿਆਂ ਨੂੰ ਇਸ ਅੰਦੋਲਨ ਬਾਰੇ ਪਤਾ ਲੱਗ ਸਕੇ।
ਜ਼ਿਕਰਯੋਗ ਹੈ ਕਿ ਪਿਛਲੇ 9 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਆਪਣੀ ਜ਼ਮੀਨੀ ਹੱਕਾਂ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਹੋਏ ਹਨ।ਇਸ ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ।ਪਰ ਇਨ੍ਹਾਂ ਜ਼ਾਲਮ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ।ਕਿਸਾਨ ਆਗੂ ਦਾ ਕਹਿਣਾ ਹੈ ਕਿ ਪੀਐੱਮ ਮੋਦੀ ਆਪਣੇ ਭਾਸ਼ਣ ‘ਚ ਮਨੁੱਖੀ ਅਧਿਕਾਰਾਂ ਦੀ ਗੱਲ ਜ਼ਰੂਰ ਕਰਨਗੇ ਪਰ ਤੁਸੀਂ ਉਸ ਸਮੇਂ ਉਨ੍ਹਾਂ ਦਾ ਕਾਲੇ ਝੰਡੇ ਲੈ ਕੇ ਵਿਰੋਧ ਕਰਨਾ।