ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਦ ਹੋਈ ਫਿਰੋਜ਼ਪੁਰ ਰੈਲੀ ਅਤੇ ਉਨ੍ਹਾਂ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਤੋਂ ਬਾਅਦ ਦਿੱਲੀ ਵਾਪਸੀ ਪਿੱਛੋਂ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਅਤੇ ਹੋਮ ਮਨਿਸਟਰ ਦੇ ਅਸਤੀਫੇ ਦੀ ਵੱਖ-ਵੱਖ ਆਗੂਆਂ ਵੱਲੋਂ ਕੀਤੀ ਜਾ ਰਹੀ ਮੰਗ ਦੇ ਸਬੰਧ ਵਿਚ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅੱਜ ਪ੍ਰੋ-ਪੰਜਾਬ ਦੇ ਪੱਤਰਕਾਰ ਵਿਕਰਮ ਕੰਬੋਜ਼ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦਾ ਇੰਟਰਵਿਊ ਕੀਤਾ ਗਿਆ। ਜਿਸ ‘ਚ ਉਨ੍ਹਾਂ ਫਿਰੋਜ਼ਪੁਰ ਰੈਲੀ ਦੌਰਾਨ ਹੋਏ ਸਾਰੇ ਘਟਨਾਕ੍ਰਮ ‘ਤੇ ਗੱਲਬਾਤ ਕੀਤੀ।
ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਸੱਦਾ ਹੀ ਨਹੀਂ ਦਿੱਤਾ ਗਿਆ, ਉਨ੍ਹਾਂ ਨੇ ਮੈਨੂੰ ਇਸ ਕਾਬਲ ਹੀ ਨਹੀਂ ਸਮਝਿਆ ਕਿਉਂਕਿ ਉਹ ਚਾਹੁੰਦੇ ਹੀ ਨਹੀਂ ਸੀ ਕਿ ਪੰਜਾਬ ‘ਚ ਨਰਿੰਦਰ ਮੋਦੀ ਦੀ ਰੈਲੀ ਮੁਕੰਮਲ ਹੋਵੇ, ਉਹ ਤਾਂ ਸਿਰਫ ਸਿਆਸੀ ਲਾਹਾ ਲੈਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਮੈਂ ਉੱਥੇ ਹੁੰਦਾ ਤਾਂ ਅਸੀਂ ਇਕ-ਇਕ ਚੀਜ਼ ਆਨ ਰਿਕਾਰਡ ਕਰਨੀ ਸੀ ਅਤੇ ਮਿੰਟ ਤੱਕ ਲਿਖੇ ਜਾਣੇ ਸੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੀ ਦੇਸ਼ ਭਗਤੀ ‘ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਕਰ ਸਕਦਾ। ਸਾਨੂੰ ਕੋਈ ਪ੍ਰਮਾਣ ਦੇਣ ਦੀ ਲੋੜ ਨਹੀਂ ਕਿ ਅਸੀਂ ਦੇਸ਼ ਭਗਤ ਹਾਂ ਅਜਿਹੇ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇੰਨ੍ਹੀ ਵੱਡੀ ਗੱਲ ਕਹਿ ਜਾਣਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ।
ਉਨ੍ਹਾਂ ਕਿਹਾ ਕਿ ਮੈਂ ਪੀ. ਐਮ. ਮੋਦੀ ਤੋਂ ਵੱਡਾ ਦੇਸ਼ ਭਗਤ ਹਾਂ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ ਜੇਕਰ ਉਹ ਇਸ ਤਰ੍ਹਾਂ ਡਰਨਗੇ ਤਾਂ ਉਹ ਦੇਸ਼ ਦੀ ਸੁਰੱਖਿਆ ਕਿਵੇਂ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਪੀ.ਐੱਮ. ਜੋ ਗੱਲਾਂ ਕਰ ਰਹੇ ਹਨ ਉਸ ਨਾਲ ਦੇਸ਼ ਦੀ ਅਖੰਡਤਾ ਖਤਰੇ ‘ਚ ਪੈ ਜਾਵੇਗੀ, ਕੋਈ ਵੀ ਸਰਕਾਰ ਇਹ ਨਹੀਂ ਚਾਹੇਗੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਏ ਅਤੇ ਅਜਿਹੀ ਗੱਲ ਹੋ ਜਾਵੇ। ਸਫਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਨੋਇਡਾ ‘ਚ ਤਾਂ ਪ੍ਰਧਾਨ ਮੰਤਰੀ 2 ਘੰਟੇ ਜਾਮ ‘ਚ ਫੱਸੇ ਰਹੇ ਸਨ, ਉਥੇ ਤਾਂ ਅਜਿਹੀ ਕੋਈ ਗੱਲ ਨਹੀਂ ਹੋਈ ਕਿਉਂ ਉੱਥੇ ਭਾਜਪਾ ਦੀ ਸਰਕਾਰ ਸੀ ਇਸ ਲਈ। ਉਨ੍ਹਾਂ ਕਿਹਾ ਕਿ ਉੱਥੇ ਤਾਂ ਕੋਈ ਇਨਕੁਆਰੀ ਵੀ ਨਹੀਂ ਕੀਤੀ ਗਈ। ਪੰਜਾਬ ‘ਚ ਕਾਂਗਰਸ ਸਰਕਾਰ ਹੋਣ ਕਾਰਨ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ ਨਾ ਕੀ ਭਾਜਪਾ ਦੇ।