ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਪਠਾਨਕੋਟ ਪਹੁੰਚੇ, ਜਿੱਥੇ ਉਨ੍ਹਾਂ ਨੇ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਿਤ ਕੀਤਾ ਅਤੇ NDA ਨੂੰ ਵੋਟ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਪੰਜਾਬ ਵਿੱਚ ਅਮਨ-ਸ਼ਾਂਤੀ ਲਈ ਭਾਜਪਾ ਨੂੰ ਵੋਟਾਂ ਪਾਉਣੀਆਂ ਹਨ। ਅਸੀਂ ਪੰਜਾਬ ਨੂੰ ਪੰਜਾਬੀਅਤ ਦੀ ਨਜ਼ਰ ਨਾਲ ਦੇਖਦੇ ਹਾਂ। ਦੂਜੇ ਪਾਸੇ ਸਾਡੇ ਵਿਰੋਧੀ ਪੰਜਾਬ ਨੂੰ ਸਿਆਸਤ ਦੇ ਚਸ਼ਮੇ ਵਿੱਚੋਂ ਦੇਖਦੇ ਹਨ। ਅਸੀਂ ਸੰਤਾਂ-ਗੁਰੂਆਂ ਦੀ ਅਵਾਜ਼ ‘ਤੇ ਚੱਲ ਕੇ ‘ਨਵਾਂ ਪੰਜਾਬ’ ਬਣਾਵਾਂਗੇ।
ਵਿਰੋਧੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਕਾਂਗਰਸ ਵਾਲੇ ਸਨ, ਕੀ ਉਨ੍ਹਾਂ ਨੂੰ ਏਨੀ ਸਮਝ ਨਹੀਂ ਆਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਪੋਭੂਮੀ ਭਾਰਤ ਵਿਚ ਸਰਹੱਦ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਰੱਖੀ ਜਾਵੇ। ਕਾਂਗਰਸ ਵਾਲਿਆਂ ਨੇ ਪਾਪ ਕੀਤਾ ਹੈ, ਸਾਡੀਆਂ ਭਾਵਨਾਵਾਂ ਨੂੰ ਕੁਚਲਿਆ ਹੈ।
ਇੱਕ ਧਿਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਜਾਲ ਵਿੱਚ ਧੱਕ ਰਹੀ ਹੈ, ਦੂਜੀ ਧਿਰ ਦਿੱਲੀ ਦੇ ਨੌਜਵਾਨਾਂ ਨੂੰ ਸ਼ਰਾਬ ਦਾ ਆਦੀ ਬਣਾ ਰਹੀ ਹੈ। ਇੱਕ ਪੰਜਾਬ ਨੂੰ ਲੁੱਟ ਰਿਹਾ ਹੈ ਤੇ ਦੂਜਾ ਦਿੱਲੀ ਵਿੱਚ ਘੁਟਾਲੇ ਕਰ ਰਿਹਾ ਹੈ। ਸੱਚ ਤਾਂ ਇਹ ਹੈ ਕਿ ਜੇਕਰ ਕਾਂਗਰਸ ਅਸਲੀ ਹੈ ਤਾਂ ਦੂਜੀ ਪਾਰਟੀ ਇਸ ਦੀ ਫੋਟੋਕਾਪੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਹਨ ਕਿ ਇਸ ਵਾਰ ਦੇਸ਼ ਦੇ ਹਿੱਤ ਵਿੱਚ ਪੰਜਾਬ ਦੇ ਹਿੱਤ ਵਿੱਚ ਕੰਮ ਕਰਨ ਵਾਲੀ ਪਾਰਟੀ ਨੂੰ ਮੌਕਾ ਦੇਣਾ ਹੈ। ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਅਸੀਂ ਮਜਬੂਰ ਨਹੀਂ ਹੋਵਾਂਗੇ ਸਗੋਂ ਮਜ਼ਬੂਤ ਪੰਜਾਬ ਬਣਾਵਾਂਗੇ।