ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ 15 ਅਗਸਤ 2022 ਤੋਂ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਨੇ ਸਿਰਫ਼ ਤਿੰਨ ਸਾਲਾਂ ਵਿੱਚ 4.2 ਕਰੋੜ ਮਰੀਜਾਂ ਦਾ ਇਲਾਜ ਕੀਤਾ ਅਤੇ 2.29 ਕਰੋੜ ਤੋਂ ਵੱਧ ਲੈਬ ਟੈਸਟ ਕੀਤੇ ਹਨ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਭਰ ਵਿੱਚ 881 ਚੱਲ ਰਹੇ ਕਲੀਨਿਕ – 316 ਸ਼ਹਿਰੀ ਅਤੇ 565 ਪੇਂਡੂ ਖੇਤਰਾਂ ਵਿੱਚ – ਜਨਤਾ ਨੂੰ ਮੁਫ਼ਤ ਸਲਾਹ, 107 ਮੁਫ਼ਤ ਦਵਾਈਆਂ ਅਤੇ 47 ਡਾਇਗਨੌਸਟਿਕ ਟੈਸਟ ਪ੍ਰਦਾਨ ਕਰ ਰਹੇ ਹਨ।
ਮੰਤਰੀ ਨੇ ਕਿਹਾ ਕਿ “ਕੁੱਲ ਮੁਲਾਕਾਤਾਂ ਵਿੱਚੋਂ 1.50 ਕਰੋੜ ਇੱਕ ਵਾਰ ਆਏ ਮਰੀਜ਼ ਸਨ, ਜਦੋਂ ਕਿ 2.7 ਕਰੋੜ ਵਾਰ-ਵਾਰ ਕਲੀਨਿਕ ‘ਤੇ ਇਲਾਜ ਲਈ ਆਏ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਪਹਿਲਕਦਮੀ ਨੇ ਸਮੂਹਿਕ ਤੌਰ ‘ਤੇ ਨਾਗਰਿਕਾਂ ਲਈ ਸਿਹਤ ਸੰਭਾਲ ਖਰਚਿਆਂ ਨੂੰ ਲਗਭਗ 2,000 ਕਰੋੜ ਰੁਪਏ ਘਟਾਉਣ ਵਿੱਚ ਮਦਦ ਕੀਤੀ ਹੈ। ਇਸ ਵੇਲੇ ਕਲੀਨਿਕ ਪ੍ਰਤੀ ਦਿਨ ਔਸਤਨ 73,000 ਮਰੀਜ਼ਾਂ ਦੀ ਸੇਵਾ ਕਰ ਰਹੇ ਹਨ, ਹਰੇਕ ਕਲੀਨਿਕ ਵਿੱਚ ਰੋਜ਼ਾਨਾ ਲਗਭਗ 83 ਵਿਅਕਤੀ ਆਉਂਦੇ ਹਨ। ਹਾਲ ਹੀ ਦੇ ਇੱਕ ਸਰਵੇਖਣ ਦੇ ਮੁਤਾਬਕ 98 ਫੀਸਦੀ ਮਰੀਜ਼ਾਂ ਨੇ ਕਲੀਨਿਕਾਂ ਤੋਂ ਤੈਅ ਦਵਾਈਆਂ ਪ੍ਰਾਪਤ ਕਰਨ ਦੀ ਰਿਪੋਰਟ ਦਿੱਤੀ। ਸਿਹਤ ਮੰਤਰੀ ਨੇ ਕਿਹਾ ਕਿ ਹਰੇਕ ਕਲੀਨਿਕ ‘ਤੇ ਸਾਰੀਆਂ 107 ਜ਼ਰੂਰੀ ਦਵਾਈਆਂ ਦੇ ਢੁਕਵੇਂ ਸਟਾਕ ਨੂੰ ਬਣਾਈ ਰੱਖਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ।