ਨਜਾਇਜ਼ ਮਾਈਨਿੰਗ ਦੇ ਦੋਸ਼ਾਂ ਹੇਠ ਹਲਕਾ ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਅੱਜ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਹ ਗਿ੍ਫ਼ਤਾਰੀ ਤਾਰਾਗੜ੍ਹ ਪੁਲਿਸ ਵਲੋਂ ਕੀਤੀ ਗਈ ਹੈ |
ਜੋਗਿੰਦਰਪਾਲ ਭੋਆ ਹਲਕੇ ਤੋਂ ਥੋੜੀਆਂ ਵੋਟਾਂ ਦੇ ਫਰਕ ਨਾਲ ਮੌਜੂਦਾ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਹਾਰੇ ਸਨ |
ਇਥੇ ਇਹ ਵੀ ਜ਼ਿਕਰਯੋਗ ਹੈ ਕਿ 8 ਤਰੀਕ ਨੂੰ ਥਾਣਾ ਤਾਰਾਗੜ੍ਹ ਦੀ ਪੁਲੀਸ ਅਤੇ ਮਾਈਨਿੰਗ ਵਿਭਾਗ ਨੇ ਛਾਪਾ ਮਾਰ ਕੇ ਨਾਜਾਇਜ਼ ਮਾਈਨਿੰਗ ਕਰ ਰਹੀ ਮਸ਼ੀਨਰੀ ਨੂੰ ਮੌਕੇ ’ਤੇ ਕਬਜ਼ੇ ਵਿੱਚ ਲੈ ਲਿਆ ਸੀ।
ਕਬਜ਼ੇ ਵਿੱਚ ਲਈ ਗਈ ਮਸ਼ੀਨਰੀ ਵਿੱਚ ਇੱਕ ਪੋਕਲੇਨ ਮਸ਼ੀਨ, ਇੱਕ ਟਰਾਲਾ ਅਤੇ ਇੱਕ ਟਰੈਕਟਰ-ਟਰਾਲੀ ਸ਼ਾਮਲ ਸਨ। ਉਸ ਮੌਕੇ ਪੋਕਲੇਨ ਮਸ਼ੀਨ ਦਾ ਅਪਰੇਟਰ ਸੁਨੀਲ ਕੁਮਾਰ ਵਾਸੀ ਮੈਰਾ ਕਲਾਂ ਅਤੇ ਕ੍ਰਿਸ਼ਨਾ ਸਟੋਨ ਕਰੱਸ਼ਰ ਦਾ ਨੁਮਾਇੰਦਾ ਪ੍ਰਕਾਸ਼ ਫ਼ਰਾਰ ਹੋ ਗਏ ਸਨ।
ਹਾਰਨ ਤੋਂ ਬਾਅਦ ਉਨ੍ਹਾਂ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਪਰ ਕੁੱਝ ਦਿਨਾਂ ਬਾਅਦ ਮੁੜ ਕਾਂਗਰਸ ‘ਚ ਸਰਗਰਮ ਹੋ ਗਏ ਸਨ |ਵਿਜੀਲੈਂਸ ਬਿਊਰੋ ਸਾਬਕਾ ਕਾਂਗਰਸ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਭਿ੍ਸ਼ਟਾਚਾਰ ਦੇ ਦੋਸ਼ਾਂ ‘ਚ ਗਿ੍ਫ਼ਤਾਰ ਕਰ ਚੁਕੀ ਹੈ ਅਤੇ ਸੰਗਤ ਸਿੰਘ ਗਿਲਜੀਆਂ ਵਿਰੁਧ ਵੀ ਪਰਚਾ ਦਰਜ ਹੋ ਚੁਕਾ ਹੈ |
ਬੀਤੇ ਦਿਨੀਂ ਮੁੱਖ ਮੰਤਰੀ ਮਾਨ ਵੱਲੋ ਵੀ ਕਿਹਾ ਗਿਆ ਹੈ ਕਿ , ਭਿ੍ਸ਼ਟਾਚਾਰੀ ਸਾਬਕਾ ਕਾਂਗਰਸੀ ਆਗੂਆਂ ਦੀ ਸੂਚੀ ਤਿਆਰ ਹੈ ਅਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
ਇਥੇ ਇਹ ਵੀ ਜਿਕਰਯੋਗ ਹੈ ਕਿ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਮੰਤਰੀ ਤਿ੍ਪਤ ਰਜਿੰਦਰ ਬਾਜਵਾ, ਭਾਰਤ ਭੂਸ਼ਣ ਆਸ਼ੂ, ਓ.ਪੀ. ਸੋਨੀ ਤੇ ਰਾਜ ਵੜਿੰਗ ਵਿਰੁਧ ਵੀ ਜਾਂਚ ਪੜਤਾਲ ਦਾ ਕੰਮ ਜਾਰੀ ਹੈ | ਸੂਤਰਾਂ ਤੋਂ ਜਾਣਕਰੀ ਮੁਤਾਬਕ 20 ਦੇ ਕਰੀਬ ਸਾਬਕਾ ਕਾਂਗਰਸ ਵਿਧਾਇਕ ਜੋ ਨਜਾਇਜ਼ ਮਾਈਨਿੰਗ ਵਰਗੇ ਕੰਮਾਂ ਨਾਲ ਜੁੜੇ ਹਨ, ਭਗਵੰਤ ਮਾਨ ਸਰਕਾਰ ਦੇ ਨਿਸ਼ਾਨੇ ‘ਤੇ ਹਨ |
8 ਤਰੀਕ ਨੂੰ ਐੱਫਆਈਆਰ ਦਰਜ ਹੋਈ ਸੀ ਤਾਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਉਨ੍ਹਾਂ ਦੀ ਪਤਨੀ ਨੇ ਵਧੀਕ ਸੈਸ਼ਨ ਜੱਜ ਪਠਾਨਕੋਟ ਦੀ ਅਦਾਲਤ ’ਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਗਾਈ ਸੀ, ਜਿਸ ’ਤੇ ਉਨ੍ਹਾਂ ਨੂੰ ਤੁਰੰਤ ਰਾਹਤ ਨਹੀਂ ਮਿਲੀ ਸੀ।