ਨਾਭਾ ਤੋਂ ਇੱਕ ਬੇਹੱਦ ਹੈਰਾਨ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਨਾਭਾ ਵਿਖੇ ਉਸ ਸਮੇਂ ਰਿਸ਼ਤੇ ਤਾਰ ਤਾਰ ਹੋ ਗਏ ਜਦੋਂ ਇੱਕ ਕਲਯੁਗੀ ਪੁੱਤ ਨੇ ਆਪਣੇ ਹੀ ਬਾਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੱਸ ਦੇਈਏ ਕਿ ਘਟਨਾ ਨਾਭਾ ਬਲਾਕ ਦੇ ਪਿੰਡ ਦੁਲੱਦੀ ਸਥਿਤ ਡੱਲਾ ਕਲੋਨੀ ਦੀ ਹੈ ਜਿਥੇ ਕਿ ਦੇਰ ਰਾਤ ਪਿਓ-ਪੁੱਤ ਦੇ ਘਰੇਲੂ ਕਲੇਸ਼ ਦੇ ਚਲਦੇ ਪੁੱਤਰ ਕੁਲਦੀਪ ਸਿੰਘ ਨੇ ਆਪਣੇ ਹੀ ਪਿਤਾ ਸਾਹਿਬ ਸਿੰਘ ਉਮਰ 70 ਸਾਲਾ ਦੇ ਸਿਰ ਉੱਪਰ ਇੱਟਾਂ ਦੇ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਲੜਾਈ ਦੌਰਾਨ ਕਾਤਲ ਪੁੱਤਰ ਕੁਲਦੀਪ ਸਿੰਘ ਵੀ ਜਖਮੀ ਹੋ ਗਿਆ ਜੋ ਕਿ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲਿਸ ਵੱਲੋਂ ਮ੍ਰਿਤਕ ਸਾਹਿਬ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੱਜ ਦੇ ਕਲਯੁਗੀ ਸਮੇਂ ਵਿੱਚ ਖੂਨ ਵੀ ਚਿੱਟਾ ਹੋ ਗਿਆ ਹੈ ਕਿਉਂਕਿ ਜਿਸ ਬਾਪ ਨੇ ਆਪਣੇ ਪੁੱਤਰ ਨੂੰ ਗੋਦੀ ਚੱਕ ਕੇ ਖਿਡਾਇਆ ਅਤੇ ਪਾਲ ਪੋਸ ਕੇ ਇਨਾ ਵੱਡਾ ਕੀਤਾ ਕਿ ਉਹ ਵੱਡਾ ਹੋ ਕੇ ਬੁਢਾਪੇ ਦਾ ਸਹਾਰਾ ਬਣੇਗਾ।
ਇਸ ਮੌਕੇ ਤੇ ਮ੍ਰਿਤਕ ਸਾਹਿਬ ਸਿੰਘ ਦੀ ਪਤਨੀ ਹਰਵੰਤ ਕੌਰ ਅਤੇ ਮ੍ਰਿਤਕ ਸਾਹਿਬ ਸਿੰਘ ਦੇ ਭਰਾ ਰਾਜ ਸਿੰਘ ਨੇ ਕਿਹਾ ਕਿ ਸਾਡਾ ਲੜਕਾ ਕੁਲਦੀਪ ਸਿੰਘ ਘਰ ਵਿੱਚ ਅਕਸਰ ਹੀ ਲੜਦਾ ਝਗੜਦਾ ਰਹਿੰਦਾ ਸੀ, ਪਰ ਇਸ ਨੇ ਉਦੋਂ ਹੱਦ ਕਰ ਦਿੱਤੀ ਜਦੋਂ ਆਪਣੇ ਪਿਤਾ ਨੂੰ ਹੀ ਇੱਟਾਂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮੈਂ ਆਪਣੀ ਭੱਜ ਕੇ ਜਾਨ ਬਚਾਈ ਉਹਨਾਂ ਦੱਸਿਆ ਕਿ ਜਦੋਂ ਕਿ ਮੇਰਾ ਪਤੀ ਮੰਜੇ ਤੇ ਪਿਆ ਸੀ ਅਤੇ ਇਹ ਜਾਣ ਕੇ ਗਾਲੀ ਗਲੋਚ ਕਰ ਰਿਹਾ ਸੀ ਜਿਸ ਤੋਂ ਬਾਅਦ ਇਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਇਸ ਮੌਕੇ ਤੇ ਨਾਭਾ ਸਦਰ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਘਰੇਲੂ ਆਪਸੀ ਕਲੇਸ਼ ਨੂੰ ਲੈ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ।
ਅਸੀਂ ਇਸ ਬਾਬਤ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਰੱਖ ਦਿੱਤਾ ਹੈ ਅਤੇ ਪਰਿਵਾਰ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਵਿੱਚ ਮ੍ਰਿਤਕ ਕੁਲਦੀਪ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ ਅਤੇ ਉਹ ਵੀ ਹਸਪਤਾਲ ਵਿੱਚ ਇਲਾਜ ਅਧੀਨ ਹੈ।