Rupnagar Police: ਨਸ਼ਾ ਤਸਕਰਾਂ ਅਤੇ ਗੈਰ-ਸਮਾਜਿਕ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਮਯਾਬੀ ਹਾਸਿਲ ਕਰਦਿਆਂ ਰੂਪਨਗਰ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰਾਂ ਤੋਂ ਇੱਕ ਕਿਲੋਗ੍ਰਾਮ ਹੈਰੋਇਨ, 143 ਗ੍ਰਾਮ ਸੋਨੇ ਦੇ ਗਹਿਣੇ, 01 ਲੱਖ ਰੁਪਏ ਡਰੰਗ ਮਨੀ ਅਤੇ ਇੱਕ ਫਾਰਚਿਊਨਰ ਕਾਰ ਬ੍ਰਾਮਦ ਕੀਤੀ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਰਾਹੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ‘ਤੇ ਰੂਪਨਗਰ ਪੁਲਿਸ ਸਪੈਸ਼ਲ ਟੀਮਾਂ ਬਣਾ ਕੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤੀ ਨਾਲ ਮੁਹਿੰਮ ਚਲਾ ਰਹੀ ਹੈ ਜਿਸ ਤਹਿਤ ਕਾਰਵਾਈ ਕਰਦਿਆਂ ਚਾਰ ਨਸ਼ਾ ਤਸਕਰਾਂ ਜਿਸ ਵਿਚ ਇੱਕ ਔਰਤ ਵੀ ਸ਼ਾਮਿਲ ਹੈ, ਕੋਲੋਂ ਇੱਕ ਕਿਲੋ ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ। ਇਹ ਦੋਸ਼ੀ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਦਿਖਾਉਣ ਲਈ ਅਤੇ ਪੁਲਿਸ ਨੂੰ ਚਕਮਾ ਦੇਣ ਲਈ ਫਾਰਚਿਊਨਰ ਗੱਡੀ ਦੀ ਵਰਤੋਂ ਕਰਦੇ ਸੀ ਜਿਸ ਦੀ ਤਲਾਸ਼ੀ ਲੈਂਦਿਆਂ ਵੱਡੀ ਮਾਤਰਾ ਵਿਚ ਨਸ਼ਾ, ਸੋਨਾ ਅਤੇ ਡਰੱਗ ਮਨੀ ਜਬਤ ਕੀਤੀ ਗਈ।
ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ 22 ਜੂਨ, 2023 ਨੂੰ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀ ਗੌਰਵ ਕੁਮਾਰ ਉਰਫ ਹੈਪੀ ਉਰਫ ਬਿੱਲਾ ਵਾਸੀ ਪਿੰਡ ਘਨੌਲੀ ਥਾਣਾ ਸਦਰ ਰੂਪਨਗਰ ਨੂੰ 300 ਗ੍ਰਾਮ ਹੈਰੋਇਨ ਸਮੇਤ ਬਲੈਨੋ ਕਾਰ ਨੰ ਐਚਪੀ12ਪੀ 6080, ਗ੍ਰਿਫਤਾਰ ਕਰਕੇ ਥਾਣਾ ਸਦਰ ਰੂਪਨਗਰ ਵਿਖੇ 22 ਜੂਨ, 2023 ਨੂੰ ਅ/ਧ 22/61/85 ਐਨਡੀਪੀਐੱਸ ਤਹਿਤ ਮੁਕੱਦਮਾ ਦਰਜ ਕੀਤਾ ਸੀ। ਜਿਸ ਦੀ ਪੁੱਛਗਿੱਛ ਤੋਂ ਇਸ ਦੇ ਸਾਥੀ ਸਮੱਗਲਰਾਂ ਸੰਦੀਪ ਸਿੰਘ ਵਾਸੀ ਪਿੰਡ ਰਿਤਿਊੜ ਥਾਣਾ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਅਤੇ ਸੁਖਪ੍ਰੀਤ ਸਿੰਘ ਵਾਸੀ ਪਿੰਡ ਮੱਖਣ ਵਿੱਡੀ ਚੌਕੀ ਨਵਾਂ ਪਿੰਡ ਥਾਣਾ ਜਡਿਆਲਾ ਗੁਰੂ ਜਿਲ੍ਹਾ ਅਮ੍ਰਿਤਸਰ ਨੂੰ ਵੀ ਦੋਸ਼ੀ ਨਾਮਜਦ ਕੀਤਾ ਅਤੇ ਦੋਸ਼ੀ ਸੁਖਪ੍ਰੀਤ ਸਿੰਘ ਨੂੰ 25 ਜੂਨ 2023 ਨੂੰ ਗ੍ਰਿਫਤਾਰ ਕਰ ਲਿਆ ਸੀ।
ਐਸਐਸਪੀ ਨੇ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਸੰਦੀਪ ਸਿੰਘ ਤੋਂ ਮਿਲੀ ਸੂਚਨਾ ਦੇ ਤੱਥਾਂ ਨੂੰ ਜੋੜਦੇ ਹੋਏ ਤੁਰੰਤ ਕਾਰਵਾਈ ਕਰਦਿਆਂ ਕਪਤਾਨ ਪੁਲਿਸ (ਡਿਟੇਕਟਿਵ) ਡਾ. ਨਵਨੀਤ ਸਿੰਘ ਮਾਹਲ ਪੀਪੀਐੱਸ, ਉਪ ਕਪਤਾਨ ਪੁਲਿਸ (ਡਿਟੇਕਟਿਵ) ਬਲਵਿੰਦਰ ਸਿੰਘ ਗਿੱਲ ਅਤੇ ਡੀਐੱਸਪੀ ਅਜੇ ਸਿੰਘ ਪੀਪੀਐੱਸ (ਸਬ ਡਵੀਜਨ ਆਨੰਦਪੁਰ ਸਾਹਿਬ) ਦੀ ਨਿਗਰਾਨੀ ਹੇਠ, ਇੰਚਾਰਜ ਸੀਆਈਏ ਰੂਪਨਗਰ ਇੰਸਪੈਕਟਰ ਸਤਨਾਮ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਆਰੰਭੀ ਗਈ।
ਉਨ੍ਹਾਂ ਦੱਸਿਆ ਕਿ ਰੂਪਨਗਰ ਪੁਲਿਸ ਵਲੋਂ 20 ਜੁਲਾਈ, 2023 ਨੂੰ ਜੋਤ ਹੋਟਲ, ਬੁੰਗਾ ਸਾਹਿਬ ਦੇ ਸਾਹਮਣੇ ਖੜ੍ਹੀ ਫਾਰਚਿਊਨਰ ਗੱਡੀ ਨੰ. ਪੀ.ਬੀ.29ਏ.ਈ. 8391 ਨੂੰ ਕਾਬੂ ਕਰਕੇ, ਗੱਡੀ ਵਿਚੋਂ ਚਾਰ ਵਿਅਕਤੀ ਸੋਹਣ ਲਾਲ ਵਾਸੀ ਪਿੰਡ ਧਾਂਦੀਆ ਥਾਣਾ ਸਦਰ ਬੰਗਾ ਜਿਲ੍ਹਾ ਐਸ.ਬੀ.ਐਸ ਨਗਰ, ਬਲਜੀਤ ਸਿੰਘ ਵਾਸੀ ਪਿੰਡ ਚੀਚਾ, ਵੀਰ ਸਿੰਘ ਉਰਫ ਵੀਰੂ ਵਾਸੀ ਅਟਾਰੀ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ (ਦਿਹਾਤੀ) ਅਤੇ ਇੱਕ ਮਹਿਲਾ ਪੂਨਮ ਉਰਫ ਮੋਨਾ ਵਾਸੀ ਪਿੰਡ ਘਨੌਲੀ ਥਾਣਾ ਸਦਰ ਰੂਪਨਗਰ ਜੋ ਦੋਸ਼ੀ ਗੌਰਵ ਕੁਮਾਰ ਦੀ ਪਤਨੀ ਹੈ, ਨੂੰ ਕਾਬੂ ਕਰਕੇ ਇਹਨਾਂ ਪਾਸੋਂ ਇੱਕ ਕਿੱਲੋਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਨੰਬਰ 57 ਮਿਤੀ 29.07.2023 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਦਰਜ ਕੀਤਾ ਹੈ। ਇਨ੍ਹਾਂ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਨਾਲ ਨਸ਼ਿਆਂ ਦੇ ਵਿਆਪਕ ਨੈੱਟਵਰਕ ਦੀ ਲੜੀ ਤੋੜਨ ਵਿਚ ਸਫਲਤਾ ਹਾਸਿਲ ਹੋਈ ਹੈ।
ਐਸਐਸਪੀ ਨੇ ਦੱਸਿਆ ਕਿ ਮੁੱਖ ਸਮੱਗਲਰ ਸੋਹਣ ਲਾਲ ਵਿਰੁੱਧ ਪਹਿਲਾਂ ਹੀ ਥਾਣਾ ਸਦਰ ਬੰਗਾ, ਜਿਲ੍ਹਾ ਐਸਬੀਐਸ ਨਗਰ ਵਿਖੇ 08 ਪਰਚੇ ਦਰਜ ਹਨ, ਅਤੇ ਇਹ ਦੋਸ਼ੀ ਹੁਸ਼ਿਆਰਪੁਰ ਵਿਖੇ ਹੋਈ 520 ਗ੍ਰਾਮ ਹੈਰੋਇਨ ਦੀ ਬ੍ਰਾਮਦੀ ਵਿਚ ਵੀ ਲੋੜੀਂਦਾ ਸੀ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਨ ਦੀ ਪੁੱਛਗਿੱਛ ‘ਤੇ ਹੋਰ ਵੀ ਅਹਿਮ ਖੁਲਾਸੇ ਅਤੇ ਰਿਕਵਰੀ ਹੋਣ ਦੀ ਆਸ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h