ਮੋਗਾ ਤੋਂ ਖਬਰ ਸਾਹਮਣੇ ਆ ਰਹੀ ਹੈ ‘ਜਿਥੇ ਦੱਸਿਆ ਜਾ ਰਿਹਾ ਹੈ ਕਿ ਵਿਆਹ ਦੀਆਂ ਖੁਸ਼ੀਆਂ ਅਚਾਨਕ ਗ਼ਮ ‘ਚ ਬਦਲ ਗਈਆਂ, ਜਦ ਲਾੜੀ ਆਪਣੇ ਸਜੇ-ਸਵਾਰੇ ਹੱਥਾਂ ‘ਚ ਚੂੜਾ ਪਾ ਕੇ ਬਰਾਤ ਦੀ ਉਡੀਕ ਕਰ ਰਹੀ ਸੀ, ਪਰ ਲਾੜਾ ਹੀ ਵਿਆਹ ਮੰਡਪ ਤਕ ਨਾ ਪਹੁੰਚਿਆ।
ਲਾੜੀ ਅਤੇ ਉਸ ਦੇ ਪਰਿਵਾਰਕ ਮੈਂਬਰ ਪੂਰੇ ਦਿਨ ਬਰਾਤ ਦੀ ਉਡੀਕ ਕਰਦੇ ਰਹੇ, ਪਰ ਜਦ ਬਰਾਤ ਆਉਣ ਦੀ ਕੋਈ ਉਮੀਦ ਨਾ ਰਹੀ, ਤਾਂ ਪੀੜਤ ਲੜਕੀ ਅਤੇ ਉਸ ਦੇ ਮਾਪਿਆਂ ਨੇ ਥਾਣੇ ਪਹੁੰਚ ਕੇ ਇਨਸਾਫ ਦੀ ਲਾਈ ਗੁਹਾਰ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਲਾੜੇ ਅਤੇ ਉਸ ਦੇ ਪਰਿਵਾਰ ਨੇ ਲਾੜੀ ਅਤੇ ਉਸ ਦੇ ਪਰਿਵਾਰ ਨੂੰ ਠੱਗਣ ਲਈ ਵਿਆਹ ਦੀ ਸਾਜ਼ਿਸ਼ ਰਚੀ। ਲਾੜੇ ਨੇ ਪਹਿਲਾਂ ਹੀ ਕਿਸੇ ਹੋਰ ਲੜਕੀ ਨਾਲ ‘ਪੇਪਰ ਮੈਰਿਜ’ ਕਰਵਾਈ ਹੋਈ ਸੀ।
ਪਰਿਵਾਰ ਅਤੇ ਵਿਚੋਲਣ ਨੇ ਇਹ ਗੱਲ ਗੁਪਤ ਰੱਖੀ ਅਤੇ ਲਾੜੀ ਵਾਲਿਆਂ ਤੋਂ ਵਿਆਹ ਦੀਆਂ ਤਿਆਰੀਆਂ ਕਰਵਾਉਂਦੇ ਰਹੇ। ਲਾੜੀ, ਜੋ ਵਿਆਹ ਦੇ ਸਪਨੇ ਸਜਾਈ ਬੈਠੀ ਸੀ, ਹੁਣ ਥਾਣੇ ਵਿੱਚ ਆਪਣਾ ਦੁੱਖੜਾ ਸੁਣਾ ਰਹੀ ਹੈ। ਰੋਂਦਿਆਂ ਲਾੜੀ ਨੇ ਕਿਹਾ, “ਜੇਕਰ ਮੈਨੂੰ ਇਨਸਾਫ ਨਾ ਮਿਲਿਆ, ਜੇਕਰ ਮੇਰੇ ਪਰਿਵਾਰ ਨਾਲ ਕੁਝ ਵੀ ਹੁੰਦਾ ਹੈ, ਤਾਂ ਇਸਦੇ ਜਿੰਮੇਵਾਰ ਲਾੜਾ, ਉਸ ਦੇ ਪਰਿਵਾਰਕ ਮੈਂਬਰ ਅਤੇ ਵਿਚੋਲਣ ਹੋਣਗੇ।”
ਪੀੜਤ ਲੜਕੀ ਅਤੇ ਉਸ ਦੇ ਮਾਪਿਆਂ ਨੇ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਲਾੜੇ, ਉਸ ਦੇ ਪਰਿਵਾਰ ਅਤੇ ਵਿਚੋਲਣ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਹੋਰ ਮਾਸੂਮ ਲੜਕੀ ਨਾਲ ਅਜਿਹਾ ਧੋਖਾ ਨਾ ਹੋਵੇ।