ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਦੇ ਪ੍ਰਬੰਧਕਾਂ ਨੂੰ ਇਸ ਵੱਕਾਰੀ ਪ੍ਰਾਜੈਕਟ ਦੇ ਵਿਸਥਾਰ ਲਈ ਪੂਰਨ ਸਹਿਯੋਗ ਤੇ ਮਦਦ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਅੱਜ ਇੱਥੇ ਰਿਫਾਇਨਰੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸੂਬੇ ਦੇ ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸੂਬਾ ਸਰਕਾਰ ਇਸ ਪ੍ਰਾਜੈਕਟ ਦੇ ਹੋਰ ਵਿਸਥਾਰ ਵਿੱਚ ਸਹਿਯੋਗ ਦੇਣ ਲਈ ਵਚਨਬੱਧ ਹੈ। ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਸੂਬੇ ਨੂੰ ਤਰੱਕੀ ਦੀਆਂ ਸਿਖਰਾਂ ‘ਤੇ ਲਿਜਾਣ ਲਈ ਬਹੁਤ ਅਹਿਮੀਅਤ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਖੇਤਰ ਵਿੱਚ ਪਲਾਸਟਿਕ ਪਾਰਕ ਸਥਾਪਤ ਕਰਨ ਲਈ ਵਿਚਾਰ ਕਰ ਰਹੀ ਹੈ। ਇਸ ਨਾਲ ਦੂਜੇ ਸੂਬਿਆਂ ਤੋਂ ਪਲਾਸਟਿਕ ਦੀ ਦਰਾਮਦ ਨੂੰ ਰੋਕਣ ਵਿੱਚ ਮਦਦ ਮਿਲੇਗੀ। ਇਹ ਪ੍ਰਾਜੈਕਟ ਖੇਤਰ ਦੇ ਨੌਜਵਾਨਾਂ ਲਈ ਨਵੇਂ ਰੁਜ਼ਗਾਰ ਪੈਦਾ ਕਰਨ ਵਿੱਚ ਵੀ ਸਹਾਈ ਹੋਵੇਗਾ। ਸੀ.ਐੱਮ. ਨੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਐੱਚ.ਐੱਮ.ਈ.ਐੱਲ. ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਪੰਜਾਬ ਵਿੱਚ ਸਥਾਪਤ ਹੋਣ ਵਾਲਾ ਪਹਿਲਾ ਤੇਲ ਤੇ ਗੈਸ ਪ੍ਰਾਜੈਕਟ ਹੈ ਅਤੇ ਇਕੋ ਥਾਂ ‘ਤੇ ਪੂੰਜੀ ਨਿਵੇਸ਼ ਕਰਨ ਨਾਲ ਇਹ ਸੂਬੇ ਦੀ ਸਭ ਤੋਂ ਵੱਡੀ ਕੰਪਨੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਕ ਹੋਰ ਗੁਰੂ ਗੋਬਿੰਦ ਸਿੰਘ ਪੋਲੀਮਰ ਪ੍ਰਾਜੈਕਟ ਸ਼ੁਰੂ ਹੋਣ ਨਾਲ ਸੂਬੇ ਨੂੰ ਪੈਟਰੋ ਕੈਮੀਕਲ ਹੱਬ ਵਜੋਂ ਸਥਾਪਤ ਕਰੇਗਾ ਅਤੇ ਪੰਜਾਬ ਤੇ ਖਾਸ ਕਰਕੇ ਬਠਿੰਡਾ ਖੇਤਰ ਨੂੰ ਹੋਰ ਸਮਾਜਿਕ ਤੇ ਆਰਥਿਕ ਲਾਭ ਪ੍ਰਦਾਨ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਅਜਿਹੇ ਮਨਸੂਬੇ ਘੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਕੋਲ ਕੋਈ ਠੋਸ ਮੁੱਦਾ ਨਹੀਂ ਹੈ, ਜਿਸ ਕਰਕੇ ਝੂਠੇ ਮੁੱਦਿਆਂ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਹਨ। ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ਪਰ ਵਿਰੋਧੀ ਧਿਰ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਸੂਬਾ ਸਰਕਾਰ ਅਮਨ-ਸ਼ਾਂਤੀ ਅਤੇ ਤਰੱਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਆਪਣੀਆਂ ਲੋਕ ਭਲਾਈ ਤੇ ਵਿਕਾਸ ਪੱਖੀ ਨੀਤੀਆਂ ਨੂੰ ਜਾਰੀ ਰੱਖੇਗੀ।