ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲੇ ‘ਚ ਸਿੰਗਾਰਪੁਰ ਗ੍ਰਾਮ ਪੰਚਾਇਤ ਦੇ ਹਾਟ ਬਾਜ਼ਾਰ ‘ਚ ਦੂਸ਼ਿਤ ਗੋਲਗੱਪੇ (ਪਾਨੀ-ਪੁਰੀ) ਖਾਣ ਨਾਲ 97 ਬੱਚੇ ਬੀਮਾਰ ਹੋ ਗਏ। ਬੱਚਿਆਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਸੰਸਦ ਮੈਂਬਰ ਫੱਗਣ ਸਿੰਘ ਕੁਲਸਤੇ ਨੇ ਹਸਪਤਾਲ ਪਹੁੰਚ ਕੇ ਬੱਚਿਆਂ ਦਾ ਹਾਲ-ਚਾਲ ਪੁੱਛਿਆ। ਗੋਲਗੱਪੇ ਵੇਚਣ ਵਾਲੇ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਮੰਡਲਾ ਜ਼ਿਲਾ ਹਸਪਤਾਲ ਦੇ ਸਿਵਲ ਸਰਜਨ ਡਾ. ਕੇ. ਆਰ. ਸ਼ਾਕਿਆ ਨੇ ਦੱਸਿਆ ਕਿ ਸ਼ਨੀਵਾਰ ਰਾਤ ਜ਼ਿਲਾ ਹਸਪਤਾਲ ‘ਚ ਇਕ ਤੋਂ ਬਾਅਦ ਇਕ 97 ਬੱਚਿਆਂ ਨੂੰ ਦਾਖਲ ਕਰਵਾਇਆ ਗਿਆ। ਇਨ੍ਹਾਂ ਸਾਰੇ ਬੱਚਿਆਂ ਨੇ ਸਿੰਗਾਰਪੁਰ ਹਾਟ ਬਾਜ਼ਾਰ ਦੀ ਇਕ ਦੁਕਾਨ ਤੋਂ ਗੋਲਗੱਪੇ ਖਾਧੇ ਸਨ। ਉਨ੍ਹਾਂ ਦੱਸਿਆ ਕਿ ਸਾਰੇ ਬੱਚੇ ਖਤਰੇ ਤੋਂ ਬਾਹਰ ਹਨ ਅਤੇ ਨਿਗਰਾਨੀ ਹੇਠ ਹਨ।
ਸ਼ਾਕਯ ਨੇ ਦੱਸਿਆ ਕਿ ਹਾਟ ਬਜ਼ਾਰ ਲੱਗਣ ਕਾਰਨ ਸਿੰਗਾਰਪੁਰ ਤੋਂ ਇਲਾਵਾ ਆਲੇ-ਦੁਆਲੇ ਦੇ 8 ਤੋਂ 10 ਪਿੰਡਾਂ ਦੇ ਬੱਚੇ ਆਪਣੇ ਮਾਪਿਆਂ ਨਾਲ ਉੱਥੇ ਪਹੁੰਚੇ ਸਨ ਅਤੇ ਗੋਲ-ਗੱਪਿਆਂ ਦੀ ਇਕ ਹੀ ਦੁਕਾਨ ਹੋਣ ਕਾਰਨ ਸਾਰਿਆਂ ਨੇ ਉਸ ਦੀ ਦੁਕਾਨ ਤੋਂ ਗੋਲ-ਗੱਪੇ ਖਾਧੇ ਸਨ। ਸਿੰਗਾਰਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 38 ਕਿਲੋਮੀਟਰ ਦੂਰ ਹੈ। ਉਨ੍ਹਾਂ ਨੇ ਕਿਹਾ ਕਿ ਸ਼ਨੀਵਾਰ ਸ਼ਾਮ ਨੂੰ ਲੱਗਭਗ 7:30 ਵਜੇ ਬੱਚਿਆਂ ਨੇ ਢਿੱਡ ’ਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਲਟੀਆਂ ਕਰਨ ਲੱਗੇ।
ਪਹਿਲਾਂ ਤਾਂ ਕੁਝ ਬੱਚਿਆਂ ਨੂੰ ਸਥਾਨਕ ਪ੍ਰਾਇਮਰੀ ਸਿਹਤ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਪਰ ਜਦੋਂ ਬੀਮਾਰ ਬੱਚਿਆਂ ਦੀ ਗਿਣਤੀ ਤੇਜ਼ੀ ਨਾਲ ਵੱਧਣ ਲੱਗੀ ਤਾਂ ਬੀਮਾਰ ਬੱਚਿਆਂ ਨੂੰ ਸਿੱਧੇ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਪੁਲਸ ਨੇ ਗੋਲ-ਗੱਪੇ ਵੇਚਣ ਵਾਲੇ ਦੁਕਾਨਦਾਰ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਖਾਣ ਵਾਲੇ ਪਦਾਰਥ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਘਟਨਾ ਦੇ ਸਾਹਮਣੇ ਆਉਣ ਮਗਰੋਂ ਕੇਂਦਰੀ ਮੰਤਰੀ ਅਤੇ ਮੰਡਲਾ ਤੋਂ ਸੰਸਦ ਮੈਂਬਰ ਫੱਗਨ ਸਿੰਘ ਕੁਲਸਤੇ ਨੇ ਸ਼ਨੀਵਾਰ ਦੀ ਰਾਤ ਇਲਾਜ ਕਰਵਾ ਰਹੇ ਬੱਚਿਆਂ ਨਾਲ ਮੁਲਾਕਾਤ ਕੀਤੀ।