ਬੀਤੇ ਦਿਨੀ ਲੁਟੇਰਿਆਂ ਨਾਲ ਝੜਪ ਦੌਰਾਨ ਨੂੰਹ ਸੱਸ ਦੇ ਮਾਮਲੇ ਚ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਨਹਿਰ ਚ ਡਿੱਗੀ ਲੜਕੀ ਦੀ ਲਾਸ਼ ਬਰਾਮਦ ਹੋ ਗਈ ਹੈ।
ਦੱਸ ਦੇਈਏ ਕਿ ਗੁਰਦਾਸਪੁਰ ਬੱਬੇਹਾਲੀ ਨਹਿਰ ਦੇ ਪੁੱਲ ਤੇ 28 ਮਾਰਚ ਸ਼ੁੱਕਰਵਾਰ ਨੂੰ ਛੀਨਾ ਪਿੰਡ ਤੋਂ ਐਕਟਿਵਾ ਤੇ ਸਵਾਰ ਹੋ ਕੇ ਬਿਧੀਪੁਰ ਜਾ ਰਹੀ ਸੱਸ ਨੂੰਹ ਵਿੱਚੋਂ ਨੂੰਹ ਅਮਨਪ੍ਰੀਤ ਕੌਰ ਦੇ ਨਹਿਰ ਵਿੱਚ ਡਿੱਗਣ ਦਾ ਮਾਮਲਾ ਸਾਮਣੇ ਆਇਆ ਸੀ।
ਉਸ ਵੇਲੇ ਉਸਦੀ ਸੱਸ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਲੁਟੇਰਿਆਂ ਨਾਲ ਹੋਈ ਧੱਕਾ ਮੁੱਕੀ ਦੌਰਾਨ ਉਸਦੀ ਨੂੰਹ ਨਹਿਰ ਵਿੱਚ ਡਿੱਗ ਪਈ ਸੀ। ਉਸ ਦਿਨ ਤੋਂ ਲਗਾਤਾਰ ਅਮਨਪ੍ਰੀਤ ਕੌਰ ਦੀ ਲਾਸ਼ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਅੱਜ ਪੰਜਵੇਂ ਦਿਨ ਸਵੇਰੇ ਅਮਨਪ੍ਰੀਤ ਕੌਰ ਦੀ ਲਾਸ਼ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁੱਲ ਨੇੜਿਓ ਮਿਲੀ ਹੈ ।
ਧੀ ਅਮਨਪ੍ਰੀਤ ਦੀ ਲਾਸ਼ ਨੂੰ ਦੇਖ ਉਸਦੀ ਮਾ ਬਲਵਿੰਦਰ ਕੌਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਸਨੇ ਕਿਹਾ ਕਿ ਜੋ ਉਸਦੀ ਧੀ ਦੀ ਸੱਸ ਵੱਲੋਂ ਲੁੱਟ ਦੀ ਕਹਾਣੀ ਦੱਸੀ ਗਈ ਹੈ ਉਹ ਝੂਠ ਹੈ ਅਤੇ ਅਮਨਪ੍ਰੀਤ ਕੌਰ ਦੀ ਮਾ ਨੇ ਸ਼ੱਕ ਜਤਾਇਆ ਕਿ ਉਹਨਾਂ ਦੀ ਲੜਕੀ ਨੂੰ ਨਹਿਰ ਵਿੱਚ ਧੱਕਾ ਦਿੱਤਾ ਗਿਆ ਹੈ ਤੇ ਇਸ ਵਿੱਚ ਉਸਦੀ ਸੱਸ ਅਤੇ ਸਹੁਰਾ ਪਰਿਵਾਰ ਦਾ ਹੱਥ ਹੋ ਸਕਦਾ ਹੈ।
ਉਧਰ ਪੁਲਿਸ ਅਧਿਕਾਰੀਆ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਲਾਸ਼ ਨੂੰ ਕਬਜ਼ੇ ਚ ਲੈਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜਾਂਚ ਅਧਕਾਰੀ ਨੇ ਕਿਹਾ ਕਿ ਪੁਲਿਸ ਮਾਮਲੇ ਵਿੱਚ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਸੀ।