ਬੀਤੇ ਦਿਨੀਂ ਆਸਟਰੇਲੀਆ ਦੇ ਬ੍ਰਿਸਬੇਨ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਸੀ। ਇੱਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ ਸੀ। ਨੌਜਵਾਨ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ। ਜੋ ਕਰੀਬ ਸੱਤ ਸਾਲ ਪਹਿਲਾਂ ਸੁਨਹਿਰੀ ਭਵਿੱਖ ਲਈ ਆਸਟਰੇਲੀਆ ਗਿਆ ਸੀ। ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਜਿਕਰ ਯੋਗ ਹੈ ਕਿ ਆਸਟ੍ਰੇਲੀਆ ‘ਚ 15 ਮਾਰਚ 2025 ਨੂੰ ਬ੍ਰਿਸਬੇਨ ਨਦੀ ਦੇ ਵਿੱਚੋਂ ਦਮਨਪ੍ਰੀਤ ਸਿੰਘ ਦੀ ਮ੍ਰਿਤਕ ਲਾਸ਼ ਮਿਲੀ ਸੀ। ਜਿਸਦੀ ਜਾਣਕਾਰੀ ਉੱਥੋਂ ਦੀ Sandgate police ਵੱਲੋ ਉੱਥੇ ਰਹਿ ਰਹੀ ਉਸਦੀ ਭੈਣ ਅਮਨਦੀਪ ਨੂੰ ਦਿੱਤੀ ਗਈ ਸੀ।
ਦੱਸ ਦਈਏ ਕਿ ਮ੍ਰਿਤਕ ਦਮਨਪ੍ਰੀਤ ਸਿੰਘ ਅਜੇ ਕੁਵਾਰਾ ਸੀ ਅਤੇ ਉਸ ਦੀਆਂ ਤਿੰਨ ਭੈਣਾਂ ਅਤੇ ਇੱਕ ਹੋਰ ਭਰਾ ਹੈ। ਜਿਨਾਂ ਦਾ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ।
ਪਰਿਵਾਰ ਵੱਲੋਂ ਮ੍ਰਿਤਕ ਦਮਨ ਪ੍ਰੀਤ ਸਿੰਘ (23) ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਲਈ ਵਿਦੇਸ਼ ਮੰਤਰਾਲੇ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਗੁਹਾਰ ਲਗਾਈ ਸੀ। ਸੰਤ ਸੀਚੇਵਾਲ ਦੇ ਦਖਲ ਮਗਰੋਂ ਦਮਨਪ੍ਰੀਤ ਸਿੰਘ ਦੀ ਲਾਸ਼ ਸੁਲਤਾਨਪੁਰ ਲੋਧੀ ਪੁੱਜੀ ਜਿੱਥੇ ਰੀਤੀ ਰਿਵਾਜਾਂ ਅਨੁਸਾਰ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ।
ਉੱਥੇ ਹੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਭਾਰਤ ਸਰਕਾਰ ਤੇ ਵਿਦੇਸ਼ ਮੰਤਰਾਲੇ ਤੋਂ ਨੌਜਵਾਨ ਦੀ ਮੌਤ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਪਰਿਵਾਰ ਨੂੰ ਇਨਸਾਫ ਦਵਾਇਆ ਜਾ ਸਕੇ।
ਜਾਣਕਾਰੀ ਅਨੁਸਾਰ ਤਕਰੀਬਨ ਸੱਤ ਸਾਲ ਪਹਿਲਾਂ ਦਮਨਪ੍ਰੀਤ ਸਿੰਘ ਨਰਸਿੰਗ ਦਾ ਕੋਰਸ ਕਰਨ ਲਈ ਆਸਟਰੇਲੀਆ ਗਿਆ ਸੀ। ਜਿੱਥੇ ਉਸਨੇ ਪਹਿਲਾਂ ਤਿੰਨ ਸਾਲ ਦਾ ਡਿਪਲੋਮਾ ਕੀਤਾ ਅਤੇ ਦੋ ਸਾਲ ਦੀ ਡਿਗਰੀ ਕੀਤੀ ਤੇ ਹੁਣ ਸਰਵਿਸ ਕਰ ਰਿਹਾ ਸੀ।
ਅਚਾਨਕ ਇਹ ਦੁਖਦਾਈ ਘਟਨਾ ਵਾਪਰਦੀ ਹੈ ਤੇ ਉਸਦੀ ਲਾਸ਼ ਨਦੀ ਵਿੱਚੋਂ ਮਿਲਦੀ ਹੈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਲੱਗ ਰਿਹਾ, ਆਸਟਰੇਲੀਅਨ ਪੁਲਿਸ ਮਾਮਲੇ ਦੀ ਇਨਕੁਆਇਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਡਿਊਟੀ ਤੋਂ ਵਾਪਸ ਪਰਤ ਕੇ ਆਪਣੇ ਭੈਣ ਨੂੰ ਮਿਲਣ ਜਾ ਰਿਹਾ ਸੀ ਜਦ ਉਸਦਾ ਫੋਨ ਲੰਮੇ ਸਮੇਂ ਤੱਕ ਸਵਿਚ ਆਫ ਆਇਆ ਤਾਂ ਉਸ ਦੀ ਭੈਣ ਨੇ ਮਾਮਲੇ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਉਸ ਦੀ ਲਾਸ਼ ਨਦੀ ਵਿੱਚੋਂ ਮਿਲੀ ਹੈ।