ਦੇਸ਼ ਭਰ ਦੇ ਕਾਰੀਗਰਾਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਦਸ ਰੋਜ਼ਾ ਸਰਸ ਮੇਲੇ ਦਾ ਪਹਿਲਾ ਦਿਨ ਹਰਭਜਨ ਮਾਨ ਨੇ ਆਪਣੇ ਚਰਚਿਤ ਗੀਤ ਗਾ ਕੇ ਆਪਣੇ ਨਾਮ ਕਰ ਲਿਆ। ਦੱਸ ਦੇਈਏ ਕਿ ਮੇਲੇ ਦਾ ਉਦਘਾਟਨ ਸੈਰ ਸਪਾਟਾ ਮੰਤਰੀ ਤਰਨਪ੍ਰੀਤ ਸਿੰਘ ਸੋਂਦ ਨੇ ਕੀਤਾ। ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਗ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਹੋਰ ਪਤਵੰਤੇ ਹਾਜਰ ਸਨ।
ਮਹਿਮਾਨਾਂ ਨੇ ਇਸ ਮੌਕੇ ਮਾਨ ਦੀ ਗਾਇਕੀ ਦਾ ਆਨੰਦ ਮਾਣਿਆ। ਮੰਤਰੀ ਤਰਨਪ੍ਰੀਤ ਸਿੰਘ ਸੋਂਦ ਨੇ ਮੇਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਛਿੰਝਾਂ, ਮੇਲੇ ਰੰਗਲੇ ਪੰਜਾਬ ਦੀ ਸ਼ੁਰੂਆਤ ਹਨ।
ਉਹਨਾਂ ਪੰਜਾਬ ਵਾਸੀਆਂ ਨੂੰ ਮੇਲੇ ਦਾ ਆਨੰਦ ਮਾਨਣ ਲਈ ਖੁੱਲਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਸਾਡੀ ਵਿਰਾਸਤ ਇੰਨਾ ਰੌਣਕ ਮੇਲਿਆਂ ਨਾਲ ਜੁੜੀ ਹੈ, ਇਸ ਨੂੰ ਸੁਰਜੀਤ ਕਰਨ ਲਈ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਵੀ ਸਾਥ ਦਿਉ।
ਉਨ੍ਹਾ ਕਿਹਾ ਕਿ ਸਰਸ ਮੇਲੇ ਵਿੱਚ ਇਸ ਵਾਰ ਭਾਰਤ ਦੇ ਸਾਰੇ ਰਾਜਾਂ ਤੋਂ ਇਲਾਵਾ ਅਫਗਾਨਿਸਤਾਨ, ਥਾਈਲੈਂਡ ਅਤੇ ਇਰਾਨ ਤੋਂ ਵੀ ਹਸਤ ਕਲਾ ਦੇ ਕਾਰੀਗਰਾਂ ਨੇ ਸ਼ਿਰਕਤ ਕੀਤੀ ਹੈ। ਉਹਨਾਂ ਦੱਸਿਆ ਕਿ 23 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਜਿੱਥੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਸਮਾਨ ਦੀ ਪ੍ਰਦਰਸ਼ਨੀ ਅਤੇ ਖਰੀਦ ਦਾ ਮੌਕਾ ਹੈ। ਰੋਜਾਨਾ ਸ਼ਾਮ ਨੂੰ ਪੰਜਾਬੀ ਦੇ ਵੱਡੇ ਗਾਇਕ ਮੇਲੇ ਵਿੱਚ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।