ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਸ਼ੇਰੀਆਂ ਦੇ ਵਾਸੀ ਨੌਜਵਾਨ ਪ੍ਰਿੰਸਪਾਲ ਸਿੰਘ ਦੀ ਸ਼ਿਕਾਇਤ ’ਤੇ ਪਤਨੀ ਜਤਿੰਦਰ ਕੌਰ ਅਤੇ ਸਹੁਰਾ ਜਰਨੈਲ ਸਿੰਘ ਤੇ ਸੱਸ ਬਲਵਿੰਦਰ ਕੌਰ ਵਾਸੀ ਨਵਾਂਸ਼ਹਿਰ ਖਿਲਾਫ਼ ਵਿਦੇਸ਼ ਨਾ ਲੈ ਕੇ ਜਾਣ ਦੇ ਕਥਿਤ ਦੋਸ਼ ਹੇਠ 31 ਲੱਖ ਰੁਪਏ ਦੀ ਧੋਖਾਧੜੀ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ।
ਇਸ ਕੇਸ ਵਿੱਚ ਅੱਜ ਕੈਨੇਡਾ ਤੋਂ ਪੀੜਤ ਦੀ ਪਤਨੀ ਜਤਿੰਦਰ ਕੌਰ ਨੇ ਵੀ ਮੀਡੀਆ ਵਿਚ ਆਪਣਾ ਪੱਖ ਪੇਸ਼ ਕਰ ਕਈ ਖੁਲਾਸੇ ਕਰ ਦਿੱਤੇ ਹਨ। ਦੱਸ ਦੇਈਏ ਕਿ ਕੈਨੇਡਾ ਬਰੈਂਪਟਨ ਸ਼ਹਿਰ ਦੀ ਵਾਸੀ ਜਤਿੰਦਰ ਕੌਰ ਨੇ ਦੱਸਿਆ ਕਿ ਉਸ ਖਿਲਾਫ਼ ਜੋ ਧੋਖਾਧਡ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਉਹ ਬਿਲਕੁਲ ਝੂਠਾ ਹੈ।
ਉਸਨੇ ਦੱਸਿਆ ਕਿ ਪ੍ਰਿੰਸਪਾਲ ਸਿੰਘ ਨਾਲ ਵਿਆਹ ਤੋਂ ਬਾਅਦ ਉਹ 2020 ਵਿਚ ਕੈਨੇਡਾ ਆ ਗਈ ਜਿੱਥੇ ਆ ਕੇ ਆਪਣੇ ਦਿਓਰ ਨਾਲ ਰਹਿੰਦੀ ਸੀ। ਉਸਨੇ ਦੱਸਿਆ ਕਿ ਉਸਦੇ ਦਿਓਰ ਦਾ ਵਿਵਹਾਰ ਉਸ ਨਾਲ ਬਿਲਕੁਲ ਵਧੀਆ ਨਹੀਂ ਸੀ ਜਿਸ ਕਾਰਨ ਉਹ ਅਲੱਗ ਰਹਿਣ ਲੱਗ ਪਈ। ਜਤਿੰਦਰ ਕੌਰ ਨੇ ਦੱਸਿਆ ਕਿ ਸਹੁਰਾ ਪਰਿਵਾਰ ਉਸ ’ਤੇ ਦਬਾਅ ਪਾ ਰਿਹਾ ਸੀ ਕਿ ਉਹ ਦਿਓਰ ਨਾਲ ਹੀ ਰਹੇ ਜਿਸ ਕਾਰਨ ਉਸਦਾ ਸਹੁਰੇ ਪਰਿਵਾਰ ਨਾਲ ਗਿਲ੍ਹੇ ਸ਼ਿਕਵੇ ਸ਼ੁਰੂ ਹੋ ਗਏ।
ਜਤਿੰਦਰ ਕੌਰ ਨੇ ਕਿਹਾ ਕਿ ਜੇਕਰ ਉਸਨੇ ਆਪਣੇ ਪਤੀ ਨਾਲ ਧੋਖਾਧਡ਼ੀ ਕਰਨੀ ਹੁੰਦੀ ਤਾਂ ਉਹ ਉਸ ਨੂੰ ਕੈਨੇਡਾ ਬੁਲਾਉਣ ਲਈ ਫਾਈਲ ਕਿਉਂ ਲਗਵਾਉਂਦੀ। ਉਸਨੇ ਦੱਸਿਆ ਕਿ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਲਈ ਸਾਰੇ ਦਸਤਾਵੇਜ਼ ਭੇਜੇ। ਜਤਿੰਦਰ ਕੌਰ ਨੇ ਸਹੁਰੇ ਪਰਿਵਾਰ ਵਲੋਂ ਲਗਾਏ ਇਹ ਵੀ ਦੋਸ਼ ਨਕਾਰੇ ਕਿ ਕੈਨੇਡਾ ਆਉਣ ਵੇਲੇ ਜੋ ਮੇਰੀ ਫਾਈਲ ਲੱਗੀ ਸੀ ਉਸ ਵਿਚ ਮੈਂ ਜਾਣਬੁੱਝ ਕੇ ਸਿੰਗਲ ਲਿਖਵਾਇਆ। ਉਸਨੇ ਕਿਹਾ ਕਿ ਫਾਈਲ ਮੇਰੇ ਸਹੁਰੇ ਪਰਿਵਾਰ ਨੇ ਲਗਵਾਈ ਸੀ ਤਾਂ ਉਸ ਵਿਚ ਮੈਂ ਕਿਵੇਂ ਸਿੰਗਲ ਲਿਖਵਾ ਸਕਦੀ ਹਾਂ।
ਉਸਨੇ ਕਿਹਾ ਕਿ ਜਦੋਂ ਉਸਨੇ ਵਰਕ ਪਰਮਿਟ ਅਪਲਾਈ ਕਰਨਾ ਸੀ ਤਾਂ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਆਪਣੀ ਫਾਈਲ ਚੁੱਕ ਲਵੇ ਅਤੇ ਜਦੋਂ ਉਹ ਪੀ.ਆਰ ਹੋ ਜਾਵੇਗੀ ਤਾਂ ਉਸ ਨੂੰ ਕੈਨੇਡਾ ਬੁਲਾ ਲਵੇਗੀ। ਉਸਨੇ ਕਿਹਾ ਕਿ ਮੈਂ ਆਪਣੇ ਪਤੀ ਨੂੰ ਇਹ ਪੇਸ਼ਕਸ ਵੀ ਕੀਤੀ ਕਿ ਜੇਕਰ ਦਸਤਾਵੇਜ਼ਾਂ ਵਿਚ ਸਿੰਗਲ ਲਿਖਣ ਕਾਰਨ ਸਮੱਸਿਆ ਆ ਰਹੀ ਹੈ ਤਾਂ ਉਹ ਦੁਬਾਰਾ ਭਾਰਤ ਆ ਕੇ ਕੋਰਟ ਮੈਰਿਜ ਕਰਵਾਉਣ ਨੂੰ ਵੀ ਤਿਆਰ ਹੈ।
ਜਤਿੰਦਰ ਕੌਰ ਨੇ ਇਹ ਵੀ ਕਿਹਾ ਕਿ ਉਸਨੇ ਆਪਣੇ ਪਤੀ ਤੇ ਸਹੁਰੇ ਪਰਿਵਾਰ ਦੇ ਖਾਤਿਆਂ ਵਿਚ 18 ਲੱਖ ਰੁਪਏ ਵੀ ਕੈਨੇਡਾ ਤੋਂ ਭੇਜੇ ਅਤੇ ਜੇਕਰ ਉਸਨੇ ਠੱਗੀ ਮਾਰਨੀ ਹੁੰਦੀ ਤਾਂ ਉਹ ਪੈਸੇ ਕਿਉਂ ਭੇਜਦੀ। ਖਾਤਿਆਂ ਵਿਚ ਪੈਸੇ ਭੇਜਣ ਸਬੰਧੀ ਉਸ ਕੋਲ ਸਬੂਤ ਵੀ ਹਨ। ਉਸਨੇ ਕਿਹਾ ਕਿ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਵਿਦੇਸ਼ ਕੈਨੇਡਾ ਭੇਜਣ ਲਈ 15 ਲੱਖ ਰੁਪਏ ਖਰਚ ਕੀਤੇ ਸਨ ਜਦਕਿ ਮੈਂ 18 ਲੱਖ ਰੁਪਏ ਇਨ੍ਹਾਂ ਨੂੰ ਭੇਜ ਚੁੱਕੀ ਹਾਂ ਅਤੇ ਉਹ ਹੈਰਾਨ ਹੈ ਕਿ ਮੇਰੇ ’ਤੇ 31 ਲੱਖ ਰੁਪਏ ਦੀ ਧੋਖਾਧਡ਼ੀ ਦਾ ਪਰਚਾ ਕਿਵੇਂ ਦਰਜ ਕਰ ਦਿੱਤਾ ਗਿਆ।
ਜਤਿੰਦਰ ਕੌਰ ਨੇ ਇਹ ਵੀ ਦੋਸ਼ ਲਗਾਇਆ ਕਿ ਮੇਰੇ ਦਿਓਰ ਦਾ ਇੱਕ ਦੋਸਤ ਉਸ ਕੋਲੋਂ ਪਾਸਪੋਰਟ ਤੇ ਅਸਲੀ ਦਸਤਾਵੇਜ਼ਾਂ ਦੀ ਮੰਗ ਕਰਦਾ ਰਿਹਾ ਕਿ ਤੇਰਾ ਵਰਕ ਪਰਮਿਟ ਅਪਲਾਈ ਕਰਨਾ ਹੈ ਜਿਸ ਲਈ ਮੈਂ ਰਜ਼ਾਮੰਦ ਨਹੀਂ ਹੋਈ। ਉਸ ਦਿਨ ਤੋਂ ਬਾਅਦ ਹੀ ਸਾਡੇ ਦੋਵੇਂ ਪਰਿਵਾਰਾਂ ਦਾ ਆਪਸੀ ਕਲੇਸ਼ ਵਧ ਗਿਆ। ਜਤਿੰਦਰ ਕੌਰ ਨੇ ਇਹ ਵੀ ਕਿਹਾ ਕਿ ਸਹੁਰੇ ਪਰਿਵਾਰ ਨੇ ਮੇਰੇ ’ਤੇ ਦੋਸ਼ ਲਗਾਇਆ ਕਿ ਮੈਂ ਆਪਣੇ ਪਤੀ ਨਾਲ ਗੱਲ ਨਹੀਂ ਕਰਦੀ ਸੀ ਤੇ ਉਸਨੂੰ ਫੋਨ ’ਚੋਂ ਬਲਾਕ ਕੀਤਾ ਸੀ। ਉਸਨੇ ਕਿਹਾ ਕਿ ਜਦੋਂ ਉਸਦਾ ਪਤੀ ਤੇ ਸਹੁਰਾ ਪਰਿਵਾਰ ਜਿਆਦਾ ਪ੍ਰੇਸ਼ਾਨ ਕਰਦੇ ਸਨ ਤਾਂ ਉਹ ਗੱਲ ਨਹੀਂ ਕਰਦੀ ਸੀ ਤੇ ਬਲਾਕ ਕਰ ਦਿੰਦੀ ਸੀ।
ਜਤਿੰਦਰ ਕੌਰ ਨੇ ਕਿਹਾ ਕਿ 2020 ਤੋਂ ਲੈ ਕੇ 2024 ਤੱਕ ਜਿੰਨਾ ਵੀ ਉਸਨੇ ਕਮਾਇਆ, ਉਹ ਆਪਣੇ ਸਹੁਰੇ ਪਰਿਵਾਰ ਨੂੰ ਭੇਜਿਆ ਅਤੇ 12-12 ਘੰਟੇ ਸਿਫ਼ਟਾਂ ਲਗਾ ਕੇ ਸਖ਼ਤ ਮਿਹਨਤ ਕੀਤੀ। ਉਸਨੇ ਦੱਸਿਆ ਕਿ ਆਖਰੀ ਵਾਰ ਉਸਨੇ ਆਪਣੇ ਸਹੁਰੇ ਪਰਿਵਾਰ ਨੂੰ ਸਤੰਬਰ 2024 ਵਿਚ ਪੈਸੇ ਭੇਜੇ। ਉਸਨੇ ਦੱਸਿਆ ਕਿ ਸਹੁਰਾ ਪਰਿਵਾਰ ਲਗਾਤਾਰ ਉਸ ’ਤੇ ਵੱਖ ਵੱਖ ਥਾਵਾਂ ’ਤੇ ਸ਼ਿਕਾਇਤਾਂ ਦਰਜ ਕਰਵਾਉਂਦਾ ਸੀ ਅਤੇ ਮੈਨੂੰ ਤੇ ਮੇਰੇ ਮਾਪਿਆਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ।