ਪੰਜਾਬ ਵਿਜੀਲੈਂਸ ਬਿਊਰੋ ਦੀ ਜਲੰਧਰ ਸ਼ਾਖਾ ਦੀ ਇੱਕ ਟੀਮ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੱਸ ਦੇਈਏ ਕਿ ਨੇ ਹੁਸ਼ਿਆਰਪੁਰ ਦੇ ਥਾਣਾ ਬੁੱਲੋਵਾਲ ਵਿੱਚ ਤਾਇਨਾਤ ਸਬ-ਇੰਸਪੈਕਟਰ (SI) ਰਮਨ ਕੁਮਾਰ ਅਤੇ ਉਸਦੇ ਸਹਾਇਕ ਸਬ-ਇੰਸਪੈਕਟਰ (ASI) ਗੁਰਦੀਪ ਸਿੰਘ ਨੂੰ ਲਗਭਗ 1.5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਸਲਾਪੁਰ ਪਿੰਡ ਦੇ ਇੱਕ ਨਿਵਾਸੀ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਇੱਕ ਔਨਲਾਈਨ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ਦੇ ਭਤੀਜੇ ਵਿਰੁੱਧ ਉਕਤ ਥਾਣੇ ਵਿੱਚ NDPS ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਕਤ ਪੁਲਿਸ ਵਾਲੇ ਉਸਦੇ ਪੁੱਤਰ ਨੂੰ NDPS ਐਕਟ ਦੀ ਧਾਰਾ 29 ਦੇ ਤਹਿਤ ਇਸ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਰਹੇ ਸਨ। ਸ਼ਿਕਾਇਤ ਅਨੁਸਾਰ ਉਕਤ ਏਐਸਆਈ ਨੇ ਆਪਣੇ ਪੁੱਤਰ ਨੂੰ ਕੇਸ ਵਿੱਚੋਂ ਹਟਾਉਣ ਦੇ ਬਦਲੇ ਐਸਐਚਓ ਵੱਲੋਂ 1.5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।
ਪਰ ਸ਼ਿਕਾਇਤਕਰਤਾ ਦੀ ਮਿੰਨਤ ਕਰਨ ਤੋਂ ਬਾਅਦ, ਰਿਸ਼ਵਤ ਦੀ ਰਕਮ ਘਟਾ ਕੇ 1 ਲੱਖ ਰੁਪਏ ਕਰ ਦਿੱਤੀ ਗਈ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਵਾਲੇ ਦੋ ਪੁਲਿਸ ਮੁਲਾਜ਼ਮਾਂ ਵਿਚਕਾਰ ਹੋਈ ਗੱਲਬਾਤ ਨੂੰ ਰਿਕਾਰਡ ਕੀਤਾ ਅਤੇ ਇਸਨੂੰ ਆਡੀਓ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ।
ਵਿਜੀਲੈਂਸ ਬਿਊਰੋ ਜਲੰਧਰ ਨੇ ਮਾਮਲੇ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਸ਼ਿਕਾਇਤ ਦੀ ਜਾਂਚ ਕਰਨ ਅਤੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ, ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਅਤੇ 7A, BNS ਦੀ ਧਾਰਾ 61 (2) ਅਤੇ NDPS ਐਕਟ ਦੀ ਧਾਰਾ 59 ਤਹਿਤ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਪੁਲਿਸ ਸਟੇਸ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ।
SSP ਵਿਜੀਲੈਂਸ ਬਿਊਰੋ ਜਲੰਧਰ ਰੇਂਜ ਹਰਪ੍ਰੀਤ ਸਿੰਘ ਮੰਡੇਰ ਨੇ ਕਿਹਾ – ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।